ਹਿਮਾਚਲ ਦੇ ਮੁੱਖ ਮੰਤਰੀ ਨੇ ਰੇਣੂਕਾ ਸਿੰਘ ਲਈ 1 ਕਰੋੜ ਰੁਪਏ ਦੇ ਇਨਾਮ ਦਾ ਕੀਤਾ ਐਲਾਨ
Monday, Nov 03, 2025 - 05:57 PM (IST)
            
            ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਵਿਸ਼ਵ ਚੈਂਪੀਅਨ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਰੇਣੁਕਾ ਸਿੰਘ ਲਈ 1 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਰੇਣੂਕਾ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਤੋਂ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਸਾਡੇ ਦੇਸ਼ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ।" ਮੁੱਖ ਮੰਤਰੀ ਨੇ ਇਸ ਪ੍ਰਾਪਤੀ ਲਈ ਪੂਰੀ ਟੀਮ ਅਤੇ ਇਸਦੀ ਕਪਤਾਨ ਨੂੰ ਵਧਾਈ ਦਿੱਤੀ। ਭਾਰਤ ਨੇ ਐਤਵਾਰ ਨੂੰ ਨਵੀਂ ਮੁੰਬਈ ਵਿੱਚ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ।
ਬਾਅਦ ਵਿੱਚ, ਮੁੱਖ ਮੰਤਰੀ ਨੇ ਰੇਣੂਕਾ ਨੂੰ ਫ਼ੋਨ ਕੀਤਾ ਅਤੇ ਉਸਨੂੰ ਵਧਾਈ ਦਿੱਤੀ। ਉਸਨੇ ਉਸਦੀ ਗੇਂਦਬਾਜ਼ੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਸਨੇ ਆਪਣੇ ਯਤਨਾਂ ਨਾਲ ਆਪਣੇ ਵਿਰੋਧੀਆਂ 'ਤੇ ਦਬਾਅ ਬਣਾਈ ਰੱਖਿਆ। ਸੁੱਖੂ ਨੇ ਰੇਣੂਕਾ ਨੂੰ ਕਿਹਾ, "ਮੈਂ ਫਾਈਨਲ ਮੈਚ ਦੇਖਿਆ ਅਤੇ ਤੁਸੀਂ ਵਧੀਆ ਪ੍ਰਦਰਸ਼ਨ ਕੀਤਾ, ਅਤੇ ਪੂਰਾ ਰਾਜ ਤੁਹਾਡੇ 'ਤੇ ਮਾਣ ਕਰਦਾ ਹੈ।" ਮੁੱਖ ਮੰਤਰੀ ਨੇ ਉਸਨੂੰ ਨੌਕਰੀ ਦਾ ਭਰੋਸਾ ਵੀ ਦਿੱਤਾ।
 
