ਲਗਾਤਾਰ ਤੀਜੀ ਵਾਰ ਟਾਪ-10 ''ਚ ਰਿਹਾ ਪਾਓਲੋ, ਬੁਹਲੇਰ ਦਾ ਡਕਾਰ ਪੂਰਾ ਕਰਨ ਦਾ ਸੁਪਨਾ ਟੁੱਟਾ

01/11/2020 6:02:58 PM

ਰਿਆਦ : ਹੀਰੋ ਮੋਟਰਸਪੋਰਟਸ ਰੈਲੀ ਟੀਮ ਦੇ ਪਾਓਲੋ ਗੋਂਸਾਲਵੇਜ ਨੇ ਡਕਾਰ ਰੈਲੀ 2020 ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਛੇਵੇਂ ਦੌਰ ਵਿਚ 8ਵਾਂ ਸਥਾਨ ਹਾਸਲ ਕੀਤਾ, ਜਦਕਿ ਟੀਮ ਦੇ ਉਸਦੇ ਸਾਥੀ ਸੇਬੇਸਟੀਅਨ ਬੁਹਲੇਰ ਦੀ ਬਾਈਕ ਵਿਚ ਖਰਾਬੀ ਆ ਗਈ ਹੈ, ਜਿਸ ਨਾਲ ਡਕਾਰ ਰੈਲੀ ਨੂੰ ਰੈਂਕਿੰਗ ਦੇ ਨਾਲ ਖਤਮ ਕਰਨ ਦਾ ਉਸਦਾ ਸੁਪਨਾ ਟੁੱਟ ਗਿਆ। ਭਾਰਤੀ ਰਾਈਡਰ ਸੀ. ਐੱਸ. ਸੰਤੋਸ਼ ਲਈ ਖਤਮ ਹੋਇਆ ਇਹ ਗੇੜ ਸ਼ਾਨਦਾਰ ਰਿਹਾ। ਉਹ ਇਸ ਵਿਚ 32ਵੇਂ ਸਥਾਨ 'ਤੇ ਰਿਹਾ, ਜਿਸ ਨਾਲ ਉਸਦੀ ਓਵਰਆਲ ਰੈਂਕਿੰਗ ਵਿਚ 5 ਸਥਾਨਾਂ ਦਾ ਸੁਧਾਰ ਹੋਇਆ ਤੇ ਉਹ 36ਵੇਂ ਸਥਾਨ 'ਤੇ ਪਹੁੰਚ ਗਿਆ। ਰੈਲੀ ਦੇ ਛੇਵੇਂ ਗੇੜ ਵਿਚ ਮੁਕਾਬਲੇਬਾਜ਼ਾਂ ਨੂੰ ਹਾਈਲ ਤੋਂ ਰਿਆਦ ਵਿਚਾਲੇ ਪੂਰੀ ਤਰ੍ਹਾਂ ਨਾਲ ਰੇਤਲੇ ਰਸਤੇ ਵਿਚ 830 ਕਿਲੋਮੀਟਰ ਦਾ ਸਫਰ ਤੈਅ ਕਰਨਾ ਸੀ, ਜਿਸ ਵਿਚ 478 ਕਿਲੋਮੀਟਰ ਦਾ ਵਿਸ਼ੇਸ਼ ਗੇੜ ਸ਼ਾਮਲ ਸੀ। ਇਹ ਇਸ ਡਕਾਰ ਰੈਲੀ ਸਭ ਤੋਂ ਲੰਬਾ ਗੇੜ ਸੀ। ਐਤਵਾਰ ਨੂੰ ਸੱਤਵੇਂ ਗੇੜ ਵਿਚ ਮੁਕਾਬਲੇਬਾਜ਼ਾਂ ਨੂੰ ਰਿਆਜ ਤੋਂ ਵਾਦ ਅਲ ਦਵਸਾਰ ਤਕ 556 ਕਿਲੋਮੀਟਰ ਦੇ ਵਿਸ਼ੇਸ਼ ਗੇੜ 'ਚੋਂ ਲੰਘਣਾ ਪਵੇਗਾ। ਇਹ ਰੈਲੀ ਦਾ ਸਭ ਤੋਂ ਲੰਬਾ ਵਿਸ਼ੇਸ਼ ਗੇੜ ਹੋਵੇਗਾ। ਪੁਰਤਗਾਲ ਦੇ ਪਾਓਲੋ ਨੇ ਇਕ ਵਾਰ ਫਿਰ ਖੁਦ ਨੂੰ ਸਾਬਤ ਕੀਤਾ ਤੇ ਲਗਾਤਾਰ ਤੀਜੀ ਵਾਰ ਚੋਟੀ 'ਤੇ ਜਗ੍ਹਾ ਬਣਾਉਣ ਵਿਚ ਸਫਲ ਰਿਹਾ। 2015 ਵਿਚ ਉਪ ਜੇਤੂ ਰਹੇ ਇਸ ਰਾਈਡਰ ਨੇ 10ਵੇਂ ਸਥਾਨ ਨਾਲ ਰੈਲੀ ਦੇ ਇਸ ਗੇੜ ਨੂੰ ਸ਼ੁਰੂ ਕਰਦੇ ਹੋਏ 8ਵੇਂ ਸਥਾਨ ਦੇ ਨਾਲ ਖਤਮ ਕੀਤਾ।

PunjabKesari

ਪਹਿਲੀ ਵਾਰ ਸਾਊਦੀ ਅਰਬ ਵਿਚ ਹੋ ਰਹੀ ਇਸ ਰੈਲੀ ਦੇ ਤੀਜੇ ਗੇੜ ਵਿਚ ਪਾਓਲੋ ਦੀ ਬਾਈਕ ਦਾ ਇੰਜਣ ਖਰਾਬ ਹੋ ਗਿਆ ਸੀ, ਜਿਸ ਕਾਰਣ ਉਸ ਨੂੰ ਖੁਦ ਇੰਜਣ ਬਦਲਣ ਤੇ ਰੇਸ ਖਤਮ ਕਰਨ ਵਿਚ 7 ਘੰਟੇ ਤੋਂ ਵੱਧ ਦਾ ਸਮਾਂ ਲੱਗਾ ਸੀ। ਇਸ ਤੋਂ ਬਾਅਦ ਚੌਥੇ ਗੇੜ ਵਿਚ ਉਹ ਚੌਥੇ ਤੇ ਪੰਜਵੇਂ ਗੇੜ ਵਿਚ ਪੰਜਵੇਂ ਸਥਾਨ 'ਤੇ ਰਿਹਾ ਸੀ। ਉਸਦੀ ਓਵਰਆਲ ਰੈਂਕਿੰਗ ਵਿਚ ਕਾਫੀ ਸੁਧਾਰ ਹੋਇਆ ਤੇ ਉਹ 45ਵੇਂ ਸਥਾਨ 'ਤੇ ਆ ਗਿਆ। ਟੀਮ ਨੂੰ ਹਾਲਾਂਕਿ ਜਰਮਨੀ ਦੇ ਨੌਜਵਾਨ ਰਾਈਡਰ ਸੇਬੇਸਟੀਅਨ ਬੁਹਲੇਰ ਦੀ ਬਾਈਕ ਦੇ ਇੰਜਣ ਵਿਚ ਆਈ ਖਰਾਬੀ ਨਾਲ ਝਟਕਾ ਲੱਗਾ ਕਿਉਂਕਿ ਉਹ ਰੇਸ ਪੂਰੀ ਨਹੀਂ ਕਰ ਸਕਿਆ। ਹੁਣ ਰੈਲੀ ਵਿਚ ਹਿੱਸਾ ਲੈਣ ਲਈ ਜਰਮਨੀ ਦੇ 25 ਸਾਲਾ ਰਾਈਡਰ ਨੂੰ ਵਾਈਲਡ ਕਾਰਡ ਦਾ ਸਹਾਰਾ ਲੈਣਾ ਪਵੇਗਾ। ਨਿਯਮਾਂ ਮੁਤਾਬਕ ਵਾਈਲਡ ਕਾਰਡ ਧਾਰਕ ਨੂੰ ਰੈਂਕਿੰਗ ਨਹੀਂ ਦਿੱਤੀ ਜਾਂਦੀ। ਟੀਮ ਦੇ ਨਾਲ ਸਭ ਤੋਂ ਲੰਬੇ ਸਮੇਂ ਤੋਂ ਜੁੜੇ ਜੋਕਿਮ ਰੋਡ੍ਰਿਗਜ਼ ਵੀ ਵਾਈਲਡ ਕਾਰਡ ਦੇ ਨਾਲ ਰੈਲੀ ਵਿਚ ਰਿਹਾ ਹੈ। ਪਹਿਲੇ ਦੌਰ ਵਿਚ ਹੀ ਉਸਦੇ ਇੰਜਣ ਵਿਚ ਖਰਾਬੀ ਆ ਗਈ ਸੀ। ਉਸ ਨੇ ਛੇਵੇਂ ਗੇੜ ਨੂੰ 27ਵੇਂ ਸਥਾਨ 'ਤੇ ਰਹਿੰਦਿਆਂ ਖਤਮ ਕੀਤਾ ਪਰ ਉਹ ਰੈਂਕਿੰਗ ਹਾਸਲ ਕਰਨ ਦਾ ਹੱਕਦਾਰ ਨਹੀਂ ਹੈ।


Related News