ਉਨ੍ਹਾਂ ਨੇ ਇਸ ਦੇ ਬਾਰੇ ਦੱਸਿਆ ਸੀ, ਸੁਨੀਲ ਸ਼ੇਤਰੀ ਦੇ ਸੰਨਿਆਸ ਤੇ ਬੋਲੇ ਵਿਰਾਟ ਕੋਹਲੀ

05/18/2024 8:48:57 PM

ਬੈਂਗਲੁਰੂ– ਭਾਰਤੀ ਕਪਤਾਨ ਸੁਨੀਲ ਸ਼ੇਤਰੀ ਜਦੋਂ ਫੁੱਟਬਾਲ ਤੋਂ ਵਿਦਾਈ ਲੈਣ ਦੇ ਆਪਣੇ ਫੈਸਲੇ ਦੇ ਬਾਰੇ ਵਿਚ ਐਲਾਨ ਕਰਨ ਦੀ ਸੋਚ ਰਿਹਾ ਸੀ ਤਾਂ ਉਸ ਨੂੰ ਬਾਖੂਬੀ ਪਤਾ ਸੀ ਕਿ ਅਜਿਹਾ ਇਕ ਇਨਸਾਨ ਹੈ ਜਿਹੜਾ ਉਸਦੀ ਸਥਿਤੀ ਨੂੰ ਸਮਝੇਗਾ ਤੇ ਉਸਦੇ ਦੋਸਤ ਵਿਰਾਟ ਕੋਹਲੀ ਨੇ ਵੀ ਉਸ ਨੂੰ ਨਿਰਾਸ਼ ਨਹੀਂ ਕੀਤਾ।
ਭਾਰਤ ਲਈ ਸਭ ਤੋਂ ਵੱਧ 150 ਮੈਚ ਖੇਡ ਕੇ ਸਭ ਤੋਂ ਵੱਧ 94 ਗੋਲ ਕਰ ਚੁੱਕੇ ਸ਼ੇਤਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਕੋਲਕਾਤਾ ਵਿਚ 6 ਜੂਨ ਨੂੰ ਕੁਵੈਤ ਵਿਰੁੱਧ ਮੈਚ ਤੋਂ ਬਾਅਦ ਸੰਨਿਆਸ ਲੈ ਲਵੇਗਾ।
ਸ਼ੇਤਰੀ ਨੇ ਕਿਹਾ ਕਿ ਇਹ ਫੈਸਲਾ ਉਸਨੇ ਅੰਤਰ-ਆਤਮਾ ਦੀ ਆਵਾਜ਼ ’ਤੇ ਕੀਤਾ ਹੈ। ਉਸ ਨੇ ਇਸਦਾ ਜਨਤਕ ਐਲਾਨ ਕਰਨ ਤੋਂ ਪਹਿਲਾਂ ਕੋਹਲੀ ਨੂੰ ਇਸਦੇ ਬਾਰੇ ਵਿਚ ਦੱਸਿਆ ਸੀ। ਸ਼ੇਤਰੀ ਨੇ ਕਿਹਾ,‘‘ਮੈਂ ਫੈਸਲਾ ਲੈਣ ਤੋਂ ਪਹਿਲਾਂ ਵਿਰਾਟ ਕੋਹਲੀ ਨਾਲ ਗੱਲ ਕੀਤੀ ਸੀ। ਉਹ ਮੇਰੇ ਕਾਫੀ ਨੇੜੇ ਹੈ। ਮੈਂ ਉਸ ਨਾਲ ਗੱਲ ਕੀਤੀ ਕਿਉਂਕਿ ਉਹ ਇਸ ਨੂੰ ਸਮਝ ਸਕਦਾ ਸੀ। ’’
ਉਸ ਨੇ ਕਿਹਾ, ‘‘ਖੇਡ ਦੇ ਉਤਾਰ-ਚੜਾਅ, ਸੰਨਿਆਸ। ਮੈਨੂੰ ਪਤਾ ਸੀ ਕਿ ਉਹ ਸਮਝੇਗਾ।’’ ਇਸ ਤੋਂ ਪਹਿਲਾਂ ਕੋਹਲੀ ਨੇ ਆਈ. ਪੀ. ਐੱਲ. ਵਿਚ ਆਪਣੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸੋਸ਼ਲ ਮੀਡੀਆ ’ਤੇ ਕਿਹਾ,‘‘ਸ਼ੇਤਰੀ ਮਹਾਨ ਖਿਡਾਰੀ ਹੈ। ਉਸ ਨੇ ਮੈਨੂੰ ਮੈਸੇਜ ਕਰਕੇ ਦੱਸਿਆ ਸੀ ਕਿ ਉਹ ਸੰਨਿਆਸ ਲੈਣ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਇਸ ਫੈਸਲੇ ਤੋਂ ਸੰਤੁਸ਼ਟ ਮਹਿਸੂਸ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਅਸੀਂ ਕਾਫੀ ਨੇੜੇ ਆਏ ਹਾਂ ਤੇ ਮੈਂ ਉਸ ਨੂੰ ਸ਼ੁਭਕਾਮਨਾਵਾ ਦਿੰਦਾ ਹਾਂ। ਉਹ ਬਹੁਤ ਪਿਆਰਾ ਇਨਸਾਨ ਹੈ।’’
ਸ਼ੇਤਰੀ ਨੇ ਜਦੋਂ 2018 ਵਿਚ ਮੁੰਬਈ ਵਿਚ ਹੀਰੋ ਕੱਪ ਮੈਚ ਦੌਰਾਨ ਪ੍ਰਸ਼ੰਸਕਾਂ ਨੂੰ ਭਾਰਤੀ ਫੁੱਟਬਾਲ ਟੀਮ ਦੀ ਹੌਸਲਾ-ਅਫਜ਼ਾਈ ਕਰਨ ਦੀ ਭਾਵਨਾਤਮਕ ਅਪੀਲ ਕੀਤੀ ਸੀ, ਤਦ ਕੋਹਲੀ ਉਸਦਾ ਸਾਥ ਦੇਣ ਸਭ ਤੋਂ ਪਹਿਲਾਂ ਅੱਗੇ ਆਉਣ ਵਾਲਿਆਂ ਵਿਚ ਸੀ।


Aarti dhillon

Content Editor

Related News