ਹਰਿਆਣਾ ਥੰਡਰਜ਼ ਨੇ ਦਿੱਲੀ ਦੰਗਲ ਵਾਰੀਅਰਜ਼ ਨੂੰ ਹਰਾ ਕੇ ਜਿੱਤਿਆ PWL 2026 ਦਾ ਖਿਤਾਬ
Tuesday, Feb 03, 2026 - 10:51 AM (IST)
ਨੋਇਡਾ- ਹਰਿਆਣਾ ਥੰਡਰਜ਼ ਨੇ ਰੋਮਾਂਚਕ ਫਾਈਨਲ ’ਚ ਦਿੱਲੀ ਦੰਗਲ ਵਾਰੀਅਰਜ਼ ਨੂੰ ਹਰਾ ਕੇ ਪ੍ਰੋ ਰੈਸਲਿੰਗ ਲੀਗ-2026 ਦਾ ਖਿਤਾਬ ਆਪਣੇ ਨਾਂ ਕਰ ਲਿਆ। ਨੋਇਡਾ ਇੰਡੋਰ ਸਟੇਡੀਅਮ ’ਚ ਦੇਰ ਰਾਤ ਖੇਡੇ ਗਏ ਮੁਕਾਬਲੇ ’ਚ ਦਿੱਲੀ ਦੰਗਲ ਵਾਰੀਅਰਜ਼ ਵਿਰੁੱਧ ਆਖਰੀ ਮੁਕਾਬਲੇ ਤੱਕ ਚੱਲੇ ਰੋਮਾਂਚਕ ਫਾਈਨਲ ਤੋਂ ਬਾਅਦ ਹਰਿਆਣਾ ਥੰਡਰਜ਼ ਪ੍ਰੋ ਰੈਸਲਿੰਗ ਲੀਗ-2026 ਦਾ ਚੈਂਪੀਅਨ ਚੁਣਿਆ ਗਿਆ।
8 ਮੁਕਾਬਲਿਆਂ ਤੋਂ ਬਾਅਦ ਸਕੋਰ 4-4 ਨਾਲ ਬਰਾਬਰੀ ’ਤੇ ਸੀ ਤੇ ਹੁਣ ਸਭ ਕੁਝ ਮਹਿਲਾਵਾਂ ਦੇ 62 ਕਿਲੋਗ੍ਰਾਮ ਦੇ ਫਾਈਨਲ ਮੁਕਾਬਲੇ ’ਤੇ ਨਿਰਭਰ ਸੀ, ਜਿੱਥੇ ਪੈਰਿਸ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਇਰੀਨਾ ਕੋਲੀਆਡੇਂਕੋ ਨੇ ਦਬਾਅ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਥੰਡਰਜ਼ ਲਈ 5-4 ਦੀ ਰੋਮਾਂਚਕ ਜਿੱਤ ਤੇ ਪੀ. ਡਬਲਯੂ. ਐੱਲ. 2026 ਦਾ ਖਿਤਾਬ ਪੱਕਾ ਕਰ ਦਿੱਤਾ।
ਹਰਿਆਣਾ ਥੰਡਰਜ਼ ਨੂੰ ਪੀ. ਡਬਲਯੂ. ਐੱਲ. 2026 ਟਰਾਫੀ ਦੇ ਨਾਲ 1.5 ਕਰੋੜ ਦੀ ਇਨਾਮੀ ਰਾਸ਼ੀ ਜਦਕਿ ਉਪ ਜੇਤੂ ਦਿੱਲੀ ਦੰਗਲ ਵਾਰੀਅਰਜ਼ ਨੂੰ 75 ਲੱਖ ਰੁਪਏ ਮਿਲੇ। ਇੰਡੀਵਿਜ਼ੁਅਲ ਐਵਾਰਡਾਂ ’ਚ, ਦਿੱਲੀ ਦੰਗਲ ਵਾਰੀਅਰਜ਼ ਦੇ ਤੁਰਾਨ ਬਾਇਰਾਮੋਵ ਨੂੰ 57 ਕਿਲੋਗ੍ਰਾਮ ਪੁਰਸ਼ ਵਰਗ ’ਚ 7 ’ਚੋਂ 7 ਬਾਊਟਾਂ ਜਿੱਤਣ ਲਈ 2.5 ਲੱਖ ਦਾ ‘ਪਲੇਅਰ ਆਫ ਦਾ ਟੂਰਨਾਮੈਂਟ’ ਐਵਾਰਡ ਮਿਲਿਆ, ਜਿਸ ਨਾਲ ਉਸ ਨੇ ਪੀ. ਡਬਲਯੂ. ਐੱਲ. 2026 ’ਚ ਕੁੱਲ 59 ਅੰਕ ਬਣਾਏ ਜਦਕਿ ਪੰਜਾਬ ਰਾਇਲਜ਼ ਦਾ ਚੰਦਰਮੋਹਨ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਪੁਆਇੰਟ ਹਾਸਲ ਕਰਨ ਵਾਲਾ ਖਿਡਾਰੀ ਰਿਹਾ।
