ਹਰਮਨਪ੍ਰੀਤ ਆਈਸੀਸੀ ਮਹਿਲਾ ਟੀ-20 ਰੈਂਕਿੰਗ ''ਚ 12ਵੇਂ ਸਥਾਨ ''ਤੇ ਪਹੁੰਚੀ
Tuesday, Oct 08, 2024 - 06:45 PM (IST)
ਦੁਬਈ, (ਭਾਸ਼ਾ) ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਮੰਗਲਵਾਰ ਨੂੰ ਆਈਸੀਸੀ ਮਹਿਲਾ ਟੀ-20 ਬੱਲੇਬਾਜ਼ੀ ਰੈਂਕਿੰਗ 'ਚ ਚਾਰ ਸਥਾਨ ਚੜ੍ਹ ਕੇ ਸੰਯੁਕਤ 12ਵੇਂ ਸਥਾਨ 'ਤੇ ਪਹੁੰਚ ਗਈ ਹੈ। ਹਰਮਨਪ੍ਰੀਤ ਦੇ ਨਾਲ ਹੀ 12ਵੇਂ ਸਥਾਨ 'ਤੇ ਕਾਬਜ਼ ਸ਼੍ਰੀਲੰਕਾ ਦੀ ਹਰਸ਼ਿਤਾ ਸਮਰਾਵਿਕਰਮਾ ਦੇ ਵੀ 610 ਰੇਟਿੰਗ ਅੰਕ ਹਨ। ਸਮ੍ਰਿਤੀ ਮੰਧਾਨਾ ਇੱਕ ਸਥਾਨ ਡਿੱਗ ਕੇ ਪੰਜਵੇਂ ਸਥਾਨ 'ਤੇ, ਜੇਮਿਮਾ ਰੌਡਰਿਗਜ਼ ਦੋ ਸਥਾਨ ਡਿੱਗ ਕੇ 20ਵੇਂ ਸਥਾਨ 'ਤੇ ਪਹੁੰਚ ਗਈ ਹੈ।
ਦੂਜੇ ਪਾਸੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਭਾਰਤ ਦੀ ਆਫ ਸਪਿਨਰ ਸ਼੍ਰੇਅੰਕਾ ਪਾਟਿਲ ਨੌਂ ਸਥਾਨ ਦੇ ਫਾਇਦੇ ਨਾਲ 29ਵੇਂ ਸਥਾਨ 'ਤੇ ਪਹੁੰਚ ਗਈ ਹੈ। ਤਜਰਬੇਕਾਰ ਆਫ ਸਪਿਨਰ ਦੀਪਤੀ ਸ਼ਰਮਾ ਦੋ ਸਥਾਨ ਖਿਸਕ ਕੇ ਚੌਥੇ ਸਥਾਨ 'ਤੇ ਖਿਸਕ ਗਈ ਹੈ ਜਦਕਿ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਠਾਕੁਰ ਪੰਜਵੇਂ ਸਥਾਨ 'ਤੇ ਰਹੀ।
ਇਹ ਰੈਂਕਿੰਗ ਸੰਯੁਕਤ ਅਰਬ ਅਮੀਰਾਤ ਵਿੱਚ ਚੱਲ ਰਹੇ ਟੀ-20 ਵਿਸ਼ਵ ਕੱਪ ਦੌਰਾਨ ਜਾਰੀ ਕੀਤੀ ਗਈ ਹੈ। ਪਾਕਿਸਤਾਨ ਦੀ ਸਪਿਨਰ ਸਾਦੀਆ ਇਕਬਾਲ (754 ਰੇਟਿੰਗ ਅੰਕ) ਜੋ ਕੁਝ ਸਮੇਂ ਤੋਂ ਰੈਂਕਿੰਗ 'ਚ ਸਿਖਰ 'ਤੇ ਸੀ, ਉਸ ਸਮੇਂ ਦੂਜੇ ਸਥਾਨ 'ਤੇ ਖਿਸਕ ਗਈ ਜਦੋਂ ਇੰਗਲੈਂਡ ਦੀ ਸੋਫੀ ਏਕਲਸਟੋਨ (762 ਰੇਟਿੰਗ ਅੰਕ) ਨੇ ਉਸ ਨੂੰ ਪਛਾੜ ਕੇ ਸਿਖਰ 'ਤੇ ਮੁੜ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਦੋਵੇਂ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਡਟ (ਨੰਬਰ ਤਿੰਨ) ਅਤੇ ਤਾਜਮਿਨ ਬ੍ਰਿਟਸ (ਛੇਵੇਂ ਨੰਬਰ) ਨੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਦੀ ਬਰਾਬਰੀ ਕੀਤੀ।