ਮਹਿਲਾ ਕ੍ਰਿਕਟ : ਭਾਰਤ ਨੂੰ ਵੱਡਾ ਝਟਕਾ, ਇੰਗਲੈਂਡ ਸੀਰੀਜ਼ ਤੋਂ ਪਹਿਲਾ ਬਾਹਰ ਹੋਈ ਹਰਮਨਪ੍ਰੀਤ
Thursday, Feb 21, 2019 - 01:27 PM (IST)

ਮੁੰਬਈ : ਭਾਰਤ ਦੀ ਮਹਿਲਾ ਟੀਮ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਉਪ ਕਪਤਾਨ ਹਰਮਨਪ੍ਰੀਤ ਕੌਰ ਗਿੱਟੇ ਦੀ ਸੱਟ ਕਾਰਨ ਇੰਗਲੈਂਡ ਖਿਲਾਫ ਵਨ ਡੇ ਕੌਮਾਂਤਰੀ ਸੀਰੀਜ਼ ਵਿਚੋਂ ਬਾਹਰ ਹੋ ਗਈ। ਭਾਰਤ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ ਮੁੰਬਈ ਵਿਚ 3 ਮੈਚਾਂ ਦੀ ਵਨ ਡੇ ਸੀਰੀਜ਼ 22 ਫਰਵਰੀ ਤੋਂ ਖੇਡੇਗਾ, ਜਿਸ ਤੋਂ ਬਾਅਦ 3 ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਗੁਹਾਟੀ ਵਿਚ 4 ਮਾਰਚ ਤੋਂ ਸ਼ੁਰੂ ਹੋਵੇਗੀ।
ਇੰਗਲੈਂਡ ਦੀ ਮਹਿਲਾ ਟੀਮ ਖਿਲਾਫ 2 ਅਭਿਆਸ ਮੈਚ ਖੇਡਣ ਵਾਲੀ ਨੌਜਵਾਨ ਹਰਲੀਨ ਦਿਓਲ ਨੂੰ ਪਹਿਲੀ ਵਾਰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪਟਿਆਲਾ ਵਿਚ ਟ੍ਰੇਨਿੰਗ ਸੈਸ਼ਨ ਦੌਰਾਨ ਹਰਮਨਪ੍ਰੀਤ ਦੇ ਗਿੱਟੇ 'ਤੇ ਸੱਟ ਲਗ ਗਈ। ਉਸ ਦੀ ਇਹ ਸੱਟ ਗ੍ਰੇਡ 2 ਦੀ ਹੈ। ਉਹ ਹੁਣ ਬੰਗਲੁਰੂ ਦੇ ਐੱਨ. ਸੀ. ਏ. ਵਿਚ ਫੀਜ਼ੀਓ ਥੈਰਿਪੀ ਕਰਾਏਗੀ, ਜਿਥੇ ਉਸਦੀ ਸੱਟ ਦਾ ਅਨੁਮਾਨ ਲਾਇਆ ਜਾਵੇਗਾ। ਹਰਮਨਪ੍ਰੀਤ ਜੇਕਰ ਟੀ-20 ਕੌਮਾਂਤਰੀ ਸੀਰੀਜ਼ ਤੱਕ ਫਿੱਟ ਨਹੀਂ ਹੁੰਦੀ ਤਾਂ ਸਮ੍ਰਿਤੀ ਮੰਧਾਨਾ ਉਸ ਦੀ ਜਗ੍ਹਾ ਟੀਮ ਦੀ ਅਗਵਾਈ ਕਰੇਗੀ।