ਹਰਲੀਨ ਦਿਓਲ ਨੇ ਫੜਿਆ ਗਜ਼ਬ ਦਾ ਕੈਚ, ਹਰ ਕੋਈ ਰਹਿ ਗਿਆ ਹੈਰਾਨ
Saturday, Jul 10, 2021 - 07:12 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਦੌਰੇ ’ਤੇ ਹੈ। ਵਨ-ਡੇ ਸੀਰੀਜ਼ ’ਚ ਹਾਰ ਤੋਂ ਬਾਅਦ ਟੀਮ ਪਹਿਲਾ ਟੀ-20 ਮੁਕਾਬਲਾ ਖੇਡਣ ਉਤਰੀ। ਮੀਂਹ ਕਾਰਨ ਇਹ ਮੈਚ ਪੂਰਾ ਨਹੀਂ ਹੋ ਪਾਇਆ ਅਤੇ ਮੇਜ਼ਬਾਨ ਟੀਮ ਨੂੰ ਡਕਵਰਥ ਲੁਈਸ ਨਿਯਮ ਦੇ ਆਧਾਰ ’ਤੇ 18 ਦੌਡ਼ਾਂ ਨਾਲ ਜੇਤੂ ਐਲਾਨਿਆ ਗਿਆ। ਇੰਗਲੈਂਡ ਦੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ’ਤੇ 177 ਦੌਡ਼ਾਂ ਸਨ। ਭਾਰਤ ਨੂੰ 73 ਦੌਡ਼ਾਂ ਦਾ ਟੀਚਾ ਮਿਲਿਆ ਸੀ ਪਰ ਭਾਰਤੀ ਟੀਮ 3 ਵਿਕਟਂ ’ਤੇ 54 ਦੌਡ਼ਾਂ ਹੀ ਬਣਾ ਸਕੀ।
ਇਹ ਮੈਚ ਭਾਵੇਂ ਹੀ ਮੀਂਹ ਕਾਰਨ ਖ਼ਰਾਬ ਹੋ ਗਿਆ ਹੋਵੇ ਅਤੇ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਹੋ ਗਿਆ ਪਰ ਇਕ ਭਾਰਤੀ ਖਿਡਾਰੀ ਮੈਚ ’ਚ ਛਾ ਗਈ। ਭਾਰਤੀ ਟੀਮ ਦੀ ਚੁਸਤ ਫੀਲਡਰ ’ਚ ਸ਼ੁਮਾਰ ਹਰਲੀਨ ਦਿਓਲ ਨੇ ਇਸ ਮੈਚ ’ਚ ਬਾਊਂਡਰੀ ’ਤੇ ਇਕ ਅਜਿਹਾ ਸ਼ਾਨਦਾਰ ਕੈਚ ਫੜਿਆ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਾਊਂਡਰੀ ਤੋਂ ਬਾਹਰ ਜਾਂਦੀ ਗੇਂਦ ਨੂੰ ਪਹਿਲਾਂ ਇਸ ਖਿਡਾਰੀ ਨੇ ਹਵਾ ’ਚ ਉਛਲ ਕੇ ਸੀਮਾ ਰੇਖਾ ਤੋਂ ਅੰਦਰ ਸੁੱਟਿਆ ਫਿਰ ਹਵਾ ’ਚ ਲਗਭਗ ਉੱਡਦੇ ਹੋਏ ਇਸਨੂੰ ਕੈਚ ਕੀਤਾ।
A fantastic piece of fielding 👏
— England Cricket (@englandcricket) July 9, 2021
We finish our innings on 177/7
Scorecard & Videos: https://t.co/oG3JwmemFp#ENGvIND pic.twitter.com/62hFjTsULJ
ਇਹ ਕੈਚ ਬਹੁਤ ਹੀ ਸ਼ਾਨਦਾਰ ਸੀ ਅਤੇ ਸੋਸ਼ਲ ਮੀਡੀਆ ’ਤੇ ਇਸਦੀ ਵੀਡੀਓ ਲਗਾਤਾਰ ਸ਼ੇਅਰ ਕੀਤੀ ਜਾ ਰਹੀ ਹੈ। ਖੇਡੇ ਗਏ ਪਹਿਲੇ ਟੀ-20 ਮੈਚ ਦੌਰਾਨ ਇੰਗਲੈਂਡ ਦੀ ਪਾਰੀ ਦੇ 18.5 ਓਵਰ ’ਚ ਸ਼ਿਖਾ ਪਾਂਡੇ ਦੀ ਗੇਂਦ ’ਤੇ ਹਰਲੀਨ ਨੇ ਏਮੀ ਜੋਨਸ ਦਾ ਕਮਾਲ ਦਾ ਕੈਚ ਫੜਿਆ। ਇਸ ਮੈਚ ’ਚ ਭਾਰਤ ਵੱਲੋਂ ਸ਼ਿਖਾ ਇਕੱਲੀ ਅਸਰਦਾਰ ਗੇਂਦਬਾਜ਼ ਨਜ਼ਰ ਆਈ। ਉਨ੍ਹਾਂ ਨੇ 4 ਓਵਰਾਂ ’ਚ 22 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ।