ਫੀਡੇ ਗ੍ਰਾਂ ਸਵਿਸ ''ਚ ਹਰਿਕਾ ਦ੍ਰੋਣਾਵੱਲੀ ਬਣੀ ਸਰਵਸ੍ਰੇਸ਼ਠ ਮਹਿਲਾ ਖਿਡਾਰਨ
Wednesday, Oct 23, 2019 - 09:48 PM (IST)

ਆਈਲ ਆਫ ਮੇਨ (ਇੰਗਲੈਂਡ) (ਨਿਕਲੇਸ਼ ਜੈਨ)- ਭਾਰਤ ਦੀ ਹਰਿਕਾ ਦ੍ਰੋਣਾਵੱਲੀ ਨੇ ਫੀਡੇ ਗ੍ਰਾਂ ਸਵਿਸ ਸ਼ਤਰੰਜ ਚੈਂਪੀਅਨਸ਼ਿਪ-2019 ਵਿਚ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਸ ਨੇ ਪੁਰਸ਼ਾਂ ਦੇ ਮੁੱਖ ਧਾਰਾ ਦੇ ਸਾਰੇ ਖਿਡਾਰੀਆਂ ਵਿਚਾਲੇ ਕੁੱਲ 11 ਰਾਊਂਡਾਂ ਵਿਚ 5.5 ਅੰਕ ਬਣਾ ਕੇ ਆਪਣੀ ਰੇਟਿੰਗ ਵਿਚ 23 ਅੰਕਾਂ ਦੀ ਬੜ੍ਹਤ ਨਾਲ ਵਿਸ਼ਵ ਟਾਪ-10 ਵਿਚ ਵੀ ਵਾਪਸੀ ਕਰ ਲਈ।
ਮੁੱਖ ਟੂਰਨਾਮੈਂਟ ਵਿਚ ਚੀਨ ਦੇ ਗ੍ਰੈਂਡ ਮਾਸਟਰ ਵਾਂਗ ਹਾਊ ਸਭ ਨੂੰ ਹੈਰਾਨ ਕਰਦੇ ਹੋਏ ਨਾ ਸਿਰਫ ਜੇਤੂ ਬਣਿਆ ਬਲਕਿ ਫੀਡੇ ਕੈਂਡੀਡੇਟ-2020 ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਚੀਨ ਦੇ 2 ਖਿਡਾਰੀ ਡੀਂਗ ਲੀਰੇਨ ਅਤੇ ਵਾਂਗ ਇਕੱਠੇ ਕੈਂਡੀਡੇਟ ਵਿਚ ਨਜ਼ਰ ਆਉਣਗੇ। ਆਖਰੀ ਰਾਊਂਡ ਵਿਚ ਉਸ ਨੇ ਇੰਗਲੈਂਡ ਦੇ ਡੇਵਿਡ ਹਾਵੇਲ ਨੂੰ ਹਰਾਉਂਦੇ ਹੋਏ 8 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਭਾਰਤ ਲਈ ਵਿਦਿਤ ਗੁਜਰਾਤੀ 7 ਅੰਕਾਂ ਦੇ ਨਾਲ 12ਵੇਂ ਸਥਾਨ 'ਤੇ ਰਿਹਾ। ਉਥੇ ਹੀ ਵਿਸ਼ਵਨਾਥਨ ਆਨੰਦ ਨੇ ਆਖਰੀ ਰਾਊਂਡ ਵਿਚ ਅਮਰੀਕਾ ਦੇ ਰੋਬਸੋਨ ਰੇ ਨਾਲ ਡਰਾਅ ਖੇਡਿਆ ਅਤੇ 6.5 ਅੰਕ ਲੈ ਕੇ 26ਵੇਂ ਸਥਾਨ 'ਤੇ ਰਿਹਾ।