ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ 'ਚ ਫਸੇ ਪੰਡਯਾ ਨੇ BCCI ਦੇ ਨੋਟਿਸ ਦਾ ਦਿੱਤਾ ਜਵਾਬ
Thursday, Jan 10, 2019 - 04:05 PM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਹਾਰਿਦਕ ਪੰਡਯਾ ਨੇ ਬੀ.ਸੀ.ਸੀ.ਆਈ. ਤੋਂ ਮਿਲੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਉਨ੍ਹਾਂ ਦਾ ਇਰਾਦਾ ਮਹਿਲਾਵਾਂ ਦਾ ਅਪਮਾਨ ਕਰਨਾ ਨਹੀਂ ਸੀ। ਮੈਂ ਇਕ ਚੈਟ ਸ਼ੋਅ 'ਤੇ ਸ਼ਿਰਕਤ ਕੀਤੀ ਜਿਸ 'ਚ ਮੈਂ ਇਹ ਮਹਿਸੂਸ ਕੀਤੇ ਬਿਨਾ ਕੁਝ ਬਿਆਨ ਦਿੱਤੇ ਕਿ ਇਹ ਅਪਮਾਨਜਨਕ ਕਰਾਰ ਦਿੱਤਾ ਜਾਵੇਗਾ ਅਤੇ ਇਸ ਨਾਲ ਦਰਸ਼ਕਾਂ ਦੀ ਭਾਵਨਾਵਾਂ ਨੂੰ ਢਾਹ ਲੱਗੇਗੀ ਜਿਸ ਲਈ ਮੈਂ ਨਿਮਰਤਾ ਨਾਲ ਮੁਆਫੀ ਮੰਗਦਾ ਹਾਂ।

ਪੰਡਯਾ ਨੇ ਕਿਹਾ, ''ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਨਾਲ ਮੇਰਾ ਇਰਾਦਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਨਾਲ ਦੁਖੀ ਕਰਨ ਜਾਂ ਸਮਾਜ ਦੇ ਕਿਸੇ ਵੀ ਵਰਗ ਨੂੰ ਕਿਸੇ ਵੀ ਤਰ੍ਹਾਂ ਖਰਾਬ ਤਰੀਕੇ ਨਾਲ ਪੇਸ਼ ਕਰਨ ਦਾ ਨਹੀਂ ਸੀ। ਮੈਂ ਇਹ ਬਿਆਨ ਸ਼ੋਅ ਦੇ ਦੌਰਾਨ ਗੱਲ ਕਰਦੇ ਹੋਏ ਦੇ ਦਿੱਤੇ ਅਤੇ ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਬਿਆਨਾਂ ਨੂੰ ਇਤਰਾਜ਼ਯੋਗ ਕਿਹਾ ਜਾਵੇਗਾ।'' 25 ਸਾਲਾ ਇਹ ਖਿਡਾਰੀ ਆਸਟਰੇਲੀਆ ਖਿਲਾਫ ਸੀਰੀਜ਼ ਦੇ ਲਈ ਆਸਟਰੇਲੀਆ 'ਚ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦਾ ਵਿਵਹਾਰ ਦੁਬਾਰਾ ਨਹੀਂ ਦੁਹਰਾਉਣਗੇ। ਉਨ੍ਹਾਂ ਕਿਹਾ, ''ਭਰੋਸਾ ਰੱਖੋਂ, ਮੈਂ ਬੀ.ਸੀ.ਸੀ.ਆਈ. ਦਾ ਬਹੁਤ ਸਨਮਾਨ ਕਰਦਾ ਹਾਂ ਅਤੇ ਇਸ ਤਰ੍ਹਾਂ ਦੀ ਘਟਨਾ ਭਵਿੱਖ 'ਚ ਦੁਬਾਰਾ ਨਹੀਂ ਹੋ, ਇਸ ਦੇ ਲਈ ਮੈਂ ਆਪਣੇ ਸੰਜਮ ਦਾ ਇਸਤਮਾਲ ਕਰਾਂਗਾ।

ਜ਼ਿਕਰਯੋਗ ਹੈ ਕਿ ਸ਼ੋਅ ਦੇ ਦੌਰਾਨ ਕੇ.ਐੱਲ. ਰਾਹੁਲ ਅਤੇ ਹਾਰਿਦਕ ਪੰਡਯਾ ਨੇ ਕੁਝ ਅਜਿਹੀਆਂ ਗੱਲਾਂ ਕੀਤੀਆਂ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ। ਸ਼ੋਅ ਦੇ ਦੌਰਾਨ ਹਾਰਦਿਕ ਪੰਡਯਾ ਨੇ ਲੜਕੀਆਂ ਨੂੰ ਲੈ ਕੇ ਕੁਝ ਕੁਮੈਂਟਸ ਕੀਤੇ, ਜਿਸ 'ਤੇ ਕਰਨ ਜੌਹਰ ਅਤੇ ਕੇ.ਐੱਲ. ਰਾਹੁਲ ਹਸਦੇ ਹੋਏ ਨਜ਼ਰ ਆਏ। ਹਾਰਦਿਕ ਪੰਡਯਾ ਦਾ ਕੁੜੀਆਂ 'ਤੇ ਇਸ ਤਰ੍ਹਾਂ ਕੁਮੈਂਟਸ ਕਰਨਾ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਪਸੰਦ ਨਹੀਂ ਆਇਆ। ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਦੇ ਬਾਅਦ ਪੰਡਯਾ ਨੇ ਸਭ ਤੋਂ ਮੁਆਫੀ ਮੰਗੀ ਪਰ ਬੀ.ਸੀ.ਸੀ.ਆਈ. ਨੇ ਉਨ੍ਹਾਂ 'ਤੇ ਕਾਰਵਾਈ ਕਰਨਾ ਜ਼ਰੂਰੀ ਸਮਝਿਆ ਅਤੇ 24 ਘੰਟਿਆਂ 'ਚ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਫਿਲਹਾਲ ਰਾਹੁਲ ਦਾ ਇਸ 'ਤੇ ਕੋਈ ਬਿਆਨ ਨਹੀਂ ਆਇਆ।
