ਹਾਰਦਿਕ ਪੰਡਯਾ ਕ੍ਰਿਕਟ ਤੋਂ 18 ਹਫਤਿਆਂ ਲਈ ਦੂਰ, ਸਿੱਧਾ IPL ਖੇਡੇਗਾ

Wednesday, Dec 06, 2023 - 11:18 AM (IST)

ਹਾਰਦਿਕ ਪੰਡਯਾ ਕ੍ਰਿਕਟ ਤੋਂ 18 ਹਫਤਿਆਂ ਲਈ ਦੂਰ, ਸਿੱਧਾ IPL ਖੇਡੇਗਾ

ਸਪੋਰਟਸ ਡੈਸਕ– ਟੀ-20 ਵਿਸ਼ਵ ਕੱਪ 2024 ਭਾਵੇਂ ਹੀ 6 ਮਹੀਨਿਆਂ ਲਈ ਅਜੇ ਦੂਰ ਹੈ ਪਰ ਬੀ. ਸੀ. ਸੀ.ਆਈ. ਨੇ ਹੁਣ ਤੋਂ ਸੰਭਾਵਿਤ ਕਪਤਾਨ ਹਾਰਦਿਕ ਪੰਡਯਾ ਦੀ ਫਿਟਨੈੱਸ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕ੍ਰਿਕਟ ਵਿਸ਼ਵ ਕੱਪ 2023 ਵਿਚ ਜਦੋਂ ਹਾਰਦਿਕ ਨੂੰ ਸੱਟ ਲੱਗੀ ਤਾਂ ਦੱਖਣੀ ਅਫਰੀਕਾ ਦੌਰੇ ’ਤੇ ਬੀ. ਸੀ. ਸੀ. ਆਈ. ਨੇ ਰੋਹਿਤ ਸ਼ਰਮਾ ਨੂੰ ਸਫੈਦ ਗੇਂਦ ਫਾਰਮੈੱਟ ਦੀ ਕਪਤਾਨੀ ਸੰਭਾਲਣ ਨੂੰ ਕਿਹਾ ਸੀ ਪਰ ਗੱਲ ਨਾ ਬਣਨ ’ਤੇ ਆਖਿਰਕਾਰ ਬੀ. ਸੀ. ਸੀ. ਆਈ. ਨੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੋਂ ਹਾਰਦਿਕ ਪੰਡਯਾ ’ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਟੀ-20 ਸੀਰੀਜ਼ ’ਚ ਦਿਸੀ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੀ ਝਲਕ
ਹਾਰਦਿਕ ਪਹਿਲਾਂ ਤੋਂ ਹੀ ਸੱਟਾਂ ਤੋਂ ਪ੍ਰੇਸ਼ਾਨ ਰਿਹਾ ਹੈ, ਅਜਿਹੇ ਵਿੱਚ ਬੀ. ਸੀ. ਸੀ. ਆਈ. ਵਿਸ਼ੇਸ਼ ਰੂਪ ਨਾਲ ਆਲਰਾਊਂਡਰ ਦੇ ਲਈ 18 ਹਫਤਿਆਂ ਦਾ ਉੱਚ ਟ੍ਰੇਨਿੰਗ ਪ੍ਰੋਗਰਾਮ ’ਤੇ ਕੰਮ ਕਰ ਰਹੀ ਹੈ। ਐੱਨ. ਸੀ. ਏ ਵਲੋਂ ਤਿਆਰ ਕੀਤੇ ਗਏ ਪ੍ਰੋਗਰਾਮ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਕਾਰਡੀਓ, ਤਾਕਤ ਦੀ ਸਿਖਲਾਈ, ਕਾਰਜਸ਼ੀਲ ਸਿਖਲਾਈ ਅਤੇ ਮਹੱਤਵਪੂਰਨ ਤੌਰ ’ਤੇ ਲੋੜੀਂਦੇ ਆਰਾਮ ਵਿਚੋਂ ਲੰਘੇਗਾ ਹਾਰਦਿਕ। ਬੀ. ਸੀ. ਸੀ.ਆਈ. ਨੇ ਆਗਾਮੀ ਦੋ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਰਣਨੀਤੀ ਬਣਾਈ ਹੈ। 2024 ਵਿਚ ਵਿੰਡੀਜ਼ ਤੇ ਅਮਰੀਕਾ ਅਤੇ 2026 ਵਿੱਚ ਭਾਰਤੀ ਧਰਤੀ ’ਤੇ ਵਿਸ਼ਵ ਕੱਪ ਹੋਣਾ ਹੈ।
ਬੀ. ਸੀ. ਸੀ. ਆਈ. ਤੇ ਐੱਨ. ਸੀ. ਏ. ਵਲੋਂ ਅਪਣਾਇਆ ਗਿਆ ਇਹ ਪ੍ਰੋਗਰਾਮ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ ਤੇ ਕੇ. ਐੱਲ. ਰਾਹੁਲ ਵਰਗੇ ਖਿਡਾਰੀ ਇਸ ਪ੍ਰੋਗਰਾਮ ਵਿਚੋਂ ਲੰਘ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਹਾਰਦਿਕ ਪੰਡਯਾ ਦੀ ਮੌਜੂਦਾ ਸੱਟ ਉਸਦੀ ਪਿਛਲੀ ਸੱਟ ਨਾਲ ਸਬੰਧਤ ਨਹੀਂ ਹੈ, ਜਿਸ ਲਈ 2019 ਵਿੱਚ ਉਨ੍ਹਾਂ ਨੇ ਸਰਜਰੀ ਕਰਵਾਈ ਸੀ। ਹਾਰਦਿਕ ਨੇ ਆਪਣੀ ਵਾਪਸੀ ਤੋਂ ਬਾਅਦ ਸ਼ਾਨਦਾਰ ਫਿਟਨੈੱਸ ਬਰਕਰਾਰ ਰੱਖੀ ਸੀ ਤੇ ਆਈ. ਪੀ. ਐੱਲ. ਵਿੱਚ ਗੁਜਰਾਤ ਟਾਈਟਨਸ ਦੀ ਅਗਵਾਈ ਕੀਤੀ ਤੇ ਆਪਣੀ ਟੀਮ ਨੂੰ ਖਿਤਾਬ ਵੀ ਦਿਵਾਇਆ। ਆਈ. ਪੀ. ਐੱਲ. 2023 ਵਿਚ ਉਹ ਆਪਣੀ ਟੀਮ ਨੂੰ ਫਾਈਨਲ ਤਕ ਵੀ ਲੈ ਕੇ ਗਿਆ। ਇਹ ਹੀ ਨਹੀਂ, ਸ਼੍ਰੀਲੰਕਾ, ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ ਵਿੱਚ ਵੀ ਉਨ੍ਹਾਂ ਨੇ ਟੀਮ ਨੂੰ ਲੀਡ ਕੀਤਾ।

ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ
ਪਹਿਲਾਂ ਸੰਭਾਵਨਾ ਸੀ ਕਿ ਹਾਰਦਿਕ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਵਿੱਚ ਵਾਪਸੀ ਕਰ ਲਵੇਗਾ। ਇਹ ਵੀ ਨਹੀਂ ਹੋਇਆ ਤਾਂ ਸ਼੍ਰੀਲੰਕਾ ਜਾਂ ਅਫਗਾਨਿਸਤਾਨ ਵਿਰੁੱਧ ਹੋਣ ਵਾਲੀ ਸੀਰੀਜ਼ ਵਿਚ ਪਰਤ ਆਵੇਗਾ ਪਰ ਅਜਿਹਾ ਹੁੰਦਾ ਨਾ ਦੇਖ ਕੇ ਬੀ. ਸੀ. ਸੀ. ਆਈ. ਹੁਣ ਉਸਦੀ ਮੁਕੰਮਲ ਫਿਟਨੈੱਸ ’ਤੇ ਕੰਮ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਜੂਨ 2022 ਤੋਂ ਹੁਣ ਤਕ 55 ਟੀ-20 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 38 ਵਿਚ ਹਿੱਸਾ ਲਿਆ ਹੈ। ਵਨ ਡੇ ਵਿਚ 50 ਵਿੱਚੋਂ 23 ਮੈਚਾਂ ਵਿਚ ਉਹ ਖੇਡਿਆ। ਅੰਕੜੇ ਦੱਸਦੇ ਹਨ ਕਿ ਹਾਰਦਿਕ ਟੀਮ ਦੇ ਪ੍ਰਮੁੱਖ ਖਿਡਾਰੀਆਂ ਵਿੱਚੋਂ ਇਕ ਹੈ। ਅਜਿਹੇ ਵਿੱਚ ਉਸਦੀ ਫਿਟਨੈੱਸ ਕ੍ਰਿਕਟ ਅਧਿਕਾਰੀਆਂ ਲਈ ਪ੍ਰਮੁੱਖਤਾ ਬਣ ਜਾਂਦੀ ਹੈ। ਹੁਣ ਕ੍ਰਿਕਟ ਜਗਤ ਸਿੱਧੇ ਆਈ. ਪੀ. ਐੱਲ. ਵਿੱਚ ਹੀ ਹਾਰਦਿਕ ਦੀ ਵਾਪਸੀ ਹੁੰਦੀ ਦੇਖੇਗਾ ਜਦੋਂ ਉਹ ਮੁੰਬਈ ਇੰਡੀਅਨਜ਼ ਲਈ ਮੈਦਾਨ ’ਤੇ ਉਤਰੇਗਾ। ਉਮੀਦ ਹੈ ਕਿ ਉਹ ਡਿਜ਼ਾਈਨ ਕੀਤੇ ਗਏ ਪ੍ਰੋਗਰਾਮ ਵਿੱਚ ਨਾ ਸਿਰਫ ਇਕ ਸ਼ਾਨਦਾਰ ਆਲਰਾਊਂਡਰ ਦੇ ਰੂਪ ਵਿੱਚ ਪਰਤੇਗਾ ਸਗੋਂ ਸੰਪੂਰਨ ਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਲੈ ਕੇ ਆਵੇਗਾ ਤਾਂ ਕਿ ਭਾਰਤੀ ਕ੍ਰਿਕਟ ਦੇ ਭਵਿੱਖ ਲਈ ਚੰਗਾ ਹੋਵੇਗਾ।
ਜਡੇਜਾ ਨੇ ਮਾਰਿਆ ਤਾਅਨਾ
ਉੱਥੇ ਹੀ, ਹਾਰਦਿਕ ਦੇ ਵਾਰ-ਵਾਰ ਜ਼ਖ਼ਮੀ ਹੋਣ ’ਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਵੀ ਤਾਅਨੇ ਮਾਰਦਾ ਨਜ਼ਰ ਆਇਆ। ਉਸ ਨੇ ਇਕ ਸ਼ੋਅ ਵਿੱਚ ਕਿਹਾ ਕਿ ਹਾਰਦਿਕ ਅਜਿਹਾ ਖਿਡਾਰੀ ਹੈ ਜਿਹੜਾ ਮੈਦਾਨ ’ਤੇ ਕਦੇ-ਕਦੇ ਹੀ ਦਿਖਾਈ ਦਿੰਦਾ ਹੈ। ਤੁਸੀਂ ਮਤਲਬ ਨਹੀਂ ਸਮਝੇ। ਉਹ ਜਿੰਨਾ ਰੇਅਰ ਟੈਲੰਟ ਹੈ, ਓਨਾ ਹੀ ਰੇਅਰ ਮੈਦਾਨ ’ਤੇ ਵੀ ਦਿਸਦਾ ਹੈ। ਉਹ ਬਹੁਤ ਹੀ ਰੇਅਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News