ਪੰਤ ਕੋਲ ਵਰਲਡ ਕੱਪ ਟੀਮ ''ਚ ਜਗ੍ਹਾ ਬਣਾਉਣ ਦਾ ਸੁਨਹਿਰੀ ਮੌਕਾ : ਹਰਭਜਨ
Saturday, Feb 23, 2019 - 02:55 PM (IST)

ਨਵੀਂ ਦਿੱਲੀ— ਕਿਸੇ ਸਮੇਂ ਟੀਮ ਇੰਡੀਆ ਦੇ ਪ੍ਰਮੁੱਖ ਗੇਂਦਬਾਜ਼ ਰਹੇ ਆਫ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਵਨ ਡੇ ਸੀਰੀਜ਼ 'ਚ ਯੁਵਾ ਵਿਕਟਕੀਪਰ ਰਿਸ਼ਭ ਪੰਤ ਦੇ ਕੋਲ ਬਿਹਤਰੀਨ ਪ੍ਰਦਰਸ਼ਨ ਕਰ ਕੇ ਆਗਾਮੀ ਵਰਲਡ ਕੱਪ ਦੀ ਟੀਮ 'ਚ ਜਗ੍ਹਾ ਬਣਾਉਣ ਦਾ ਸੁਨਹਿਰੀ ਮੌਕਾ ਹੈ। ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੀ ਸ਼ੁਰੂਆਤ 2 ਮਾਰਚ ਤੋਂ ਹੋਵੇਗੀ। ਪੰਤ ਨੂੰ ਆਸਟਰੇਲੀਆ ਦੇ ਖਿਲਾਫ ਸੀਰੀਜ਼ ਦੇ ਲਈ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਜਗ੍ਹਾ ਤਰਜੀਹ ਦਿੱਤੀ ਗਈ ਹੈ।
ਹਰਭਜਨ ਨੇ ਪੱਤਰਕਾਰਾਂ ਨੂੰ ਕਿਹਾ, ''ਇਹ (ਭਾਰਤ ਬਨਾਮ ਆਸਟਰੇਲੀਆ ਸੀਰੀਜ਼) ਰਿਸ਼ਭ ਪੰਤ ਅਤੇ ਕੇ.ਐੱਲ. ਰਾਹੁਲ ਲਈ ਚੰਗਾ ਮੌਕਾ ਹੈ ਕਿ ਉਹ ਬਿਹਤਰ ਪ੍ਰਦਰਸ਼ਨ ਕਰਕੇ ਆਗਾਮੀ ਵਰਲਡ ਕੱਪ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ।'' ਹਰਭਜਨ ਨੇ ਅੱਗੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਵਰਲਡ ਕੱਪ ਲਈ ਇਸ ਟੀਮ 'ਚ ਕੋਈ ਬਦਲਾਅ ਹੋਵੇਗਾ। ਜਦੋਂ ਤਕ ਕਿ ਕੋਈ ਆਈ.ਪੀ.ਐੱਲ. 'ਚ ਧਮਾਕੇਦਾਰ ਪ੍ਰਦਰਸ਼ਨ ਨਾ ਕਰੇ ਜਿਵੇਂ ਕਿ ਸੁਰੇਸ਼ ਰੈਨਾ ਜਾਂ ਕੋਈ ਹੋਰ ਨੌਜਵਾਨ। ਟੀਮ 'ਚ ਉਦੋਂ ਹੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਜਦੋਂ ਕੋਈ ਸੱਟ ਦਾ ਸ਼ਿਕਾਰ ਹੋਵੇ।''