ਧੋਨੀ ਦੀ ਚੇਨਈ ਨੂੰ ਲੱਗਾ ਤਗੜਾ ਝਟਕਾ, ਕੋਲਕਾਤਾ ਖਿਲਾਫ ਨਹੀਂ ਖੇਡੇਗਾ ਇਹ ਸਟਾਰ ਖਿਡਾਰੀ
Sunday, Apr 14, 2019 - 10:08 AM (IST)

ਕੋਲਕਾਤਾ— ਸ਼ਾਨਦਾਰ ਫਾਰਮ 'ਚ ਚਲ ਰਿਹਾ ਚੇਨਈ ਸੁਪਰਕਿੰਗਜ਼ ਦਾ ਆਫ ਸਪਿਨਰ ਹਰਭਜਨ ਸਿੰਘ ਗਰਦਨ ਦੀ ਸੱਟ ਕਾਰਨ ਕੋਲਕਾਤਾ ਨਾਈਟਰਾਈਡਰਜ਼ (ਕੇ.ਕੇ.ਆਰ.) ਦੇ ਖਿਲਾਫ ਐਤਵਾਰ ਨੂੰ ਹੋਣ ਵਾਲਾ ਮੈਚ ਨਹੀਂ ਖੇਡੇਗਾ। ਮੌਜੂਦਾ ਸੈਸ਼ਨ 'ਚ 38 ਸਾਲ ਦਾ ਇਹ ਗੇਂਦਬਾਜ਼ ਚਾਰ ਮੈਚਾਂ 'ਚ ਅਜੇ ਤਕ 7 ਵਿਕਟਾਂ ਲੈ ਚੁੱਕਾ ਹੈ, ਜਿਸ 'ਚ ਦੋ ਵਾਰ ਮੈਨ ਆਫ ਦਿ ਮੈਚ ਪੁਰਸਕਾਰ ਵੀ ਸ਼ਾਮਲ ਹੈ।
ਗਰਦਨ ਦੀ ਸੱਟ ਤੋਂ ਇਲਾਵਾ ਹਰਭਜਨ ਦੀ ਪਤਨੀ ਅਤੇ ਬੇਟੀ ਦੀ ਵੀ ਤਬੀਅਤ ਖਰਾਬ ਹੈ ਜਿਸ ਕਾਰਨ ਉਹ ਟੀਮ ਦੇ ਨਾਲ ਕੋਲਕਾਤਾ ਨਹੀਂ ਆਇਆ। ਹਰਭਜਨ ਨੇ ਕਿਹਾ, ''ਮੈਨੂੰ ਜੈਪੁਰ 'ਚ ਰਾਜਸਥਾਨ ਰਾਇਲਸ ਦੇ ਖਿਲਾਫ ਖੇਡਣਾ ਸੀ ਪਰ ਉਸ ਦਿਨ ਸਵੇਰੇ ਹੀ ਮੇਰੀ ਗਰਦਨ 'ਚ ਤੇਜ਼ ਦਰਦ ਹੋਣ ਲੱਗਾ ਅਤੇ ਮੈਨੂੰ ਮੁਕਾਬਲੇ ਤੋਂ ਬਾਹਰ ਹੋਣਾ ਪਿਆ।'' ਉਸ ਨੇ ਕਿਹਾ, ''ਮੇਰੀ ਪਤਨੀ ਅਤੇ ਬੇਟੀ ਦੀ ਤਬੀਅਤ ਵੀ ਠੀਕ ਨਹੀਂ, ਮੈਂ ਉਨ੍ਹਾਂ ਦਾ ਖਿਆਲ ਰੱਖਣ ਲਈ ਮੁੰਬਈ 'ਚ ਹਾਂ। ਜਿਵੇਂ ਹੀ ਉਹ ਠੀਕ ਹੋਣਗੇ ਮੈਂ ਟੀਮ ਨਾਲ ਜੁੜ ਜਾਵਾਂਗਾ।''