ਖੁਸ਼ੀ ਹੈ ਕਿ ਤਮਗੇ ਦਾ ਰੰਗ ਚਾਂਦੀ ''ਚ ਬਦਲ ਸਕੀ : ਸਿੰਧੂ

08/29/2017 4:30:10 PM

ਹੈਦਰਾਬਾਦ— ਸਾਬਕਾ ਕਾਂਸੀ ਤਮਗਾ ਜੇਤੂ ਪੀ.ਵੀ. ਸਿੰਧੂ ਫਾਈਨਲ 'ਚ ਹਾਰਨ ਨਾਲ ਨਿਰਾਸ਼ ਤਾਂ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨਾਲ ਖੁਸ਼ ਹੈ ਕਿ ਉਹ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤ ਕੇ ਘੱਟੋ-ਘੱਟ ਤਮਗੇ ਦਾ ਰੰਗ ਬਦਲਣ 'ਚ ਸਫਲ ਰਹੀ। ਸਿੰਧੂ ਨੇ ਐਤਵਾਰ ਨੂੰ ਗਲਾਸਗੋ ਦੇ ਐਮੀਰੇਟਸ ਐਰੀਨਾ 'ਚ ਰੋਮਾਂਚਕ ਮੈਰਾਥਨ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ 19-21, 22-20, 20-22 ਨਾਲ ਹਾਰ ਦਾ ਮੂੰਹ ਦੇਖਣਾ ਪਿਆ ਜੋ ਇਕ ਘੰਟੇ 50 ਮਿੰਟ ਤੱਕ ਚਲਿਆ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ 2013 ਅਤੇ 2014 ਪੜਾਅ 'ਚ ਕਾਂਸੀ ਤਮਗੇ ਜਿੱਤ ਚੁੱਕੀ ਹੈ। ਉਨ੍ਹਾਂ ਘਰ ਪਰਤਨ ਦੇ ਬਾਅਦ ਇੱਥੇ ਪੱਤਰਕਾਰਾਂ ਨੂੰ ਕਿਹਾ, ''ਫਾਈਨਲ ਮੈਚ ਦੇ ਬਾਅਦ, ਮੈਂ ਕਾਫੀ ਨਿਰਾਸ਼ ਸੀ ਪਰ ਮੈਂ ਸੋਚਿਆ 'ਕੋਈ ਗੱਲ ਨਹੀਂ'। ਮੈਂ ਸੋਚਿਆ ਕਿ ਇਹ ਖਤਮ ਹੋ ਚੁੱਕਾ ਹੈ, ਅਗਲੇ ਦਿਨ ਤੋਂ ਸਭ ਆਮ ਹੋ ਜਾਵੇਗਾ।'' ਉਨ੍ਹਾਂ ਕਿਹਾ, ''ਰੀਓ ਓਲੰਪਿਕ ਦੇ ਬਾਅਦ ਇਹ ਸਰਵਸ਼੍ਰੇਸ਼ਠ ਮੁਕਾਬਲਿਆਂ 'ਚੋਂ ਇਕ ਰਿਹਾ ਹੈ। ਵਿਸ਼ਵ ਚੈਂਪੀਅਨਸ਼ਿਪ ਕੁਝ ਅਲਗ ਹੁੰਦੀ ਹੈ। ਮੈਂ ਪਹਿਲਾਂ ਵੀ ਇਸ 'ਚ ਕਾਂਸੀ ਤਮਗਾ ਜਿੱਤਿਆ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਵਾਰ ਤਮਗੇ ਦਾ ਰੰਗ ਬਦਲ ਕੇ ਚਾਂਦੀ ਕਰ ਦਿੱਤਾ ਹੈ।'' 

ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਦੀ ਗੱਲ ਕਰਦੇ ਹੋਏ ਓਲੰਪਿਕ ਦਾ ਚਾਂਦੀ ਤਮਗਾ ਜਿੱਤਣ ਵਾਲੀ ਸਿੰਧੂ ਨੇ ਕਿਹਾ, ''ਇਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਥਕਾ ਦੇਣ ਵਾਲਾ ਸੀ। ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਇਕ ਅੰਕ ਲੈਣਾ ਹੀ ਹੋਵੇਗਾ, ਉਹ (ਨੋਜੋਮੀ ਓਕੁਹਾਰਾ) ਵੀ ਥਕੀ ਹੋਈ ਸੀ, ਪਰ ਇਹ ਮੇਰਾ ਦਿਨ ਨਹੀਂ ਸੀ।'' ਇਹ ਪੁੱਛਣ 'ਤੇ ਕਿ ਕੀ ਲੰਬੇ ਸਮੇਂ ਤੱਕ ਹੋਣ ਵਾਲੇ ਮੁਕਾਬਲਿਆਂ ਦਾ ਚਲਨ ਹੁਣ ਬੈਡਮਿੰਟਨ 'ਚ ਸ਼ੁਰੂ ਹੋ ਗਿਆ ਹੈ ਤਾਂ ਉਨ੍ਹਾਂ ਨੇ ਹਾਂ ਪੱਖੀ ਜਵਾਬ ਦਿੱਤਾ। ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ ਇਹ ਹੁਣ ਇੰਨਾ ਆਸਾਨ ਨਹੀਂ ਹੋਣ ਵਾਲਾ। ਸਾਨੂੰ ਹਰੇਕ ਅੰਕ ਲਈ ਜੂਝਣਾ ਹੋਵੇਗਾ। ਮੈਚ 'ਚ ਕੁਝ ਵੀ ਹੋ ਸਕਦਾ ਹੈ।'' ਇਕ ਸਵਾਲ ਦੇ ਜਵਾਬ 'ਚ ਸਿੰਧੂ ਨੇ ਕਿਹਾ ਕਿ ਇਹ ਸੁਣ ਕੇ ਚੰਗਾ ਲਗਦਾ ਹੈ ਕਿ ਲੋਕ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਨ ਅਤੇ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੁੱਖ ਕੋਚ ਪੀ. ਗੋਪੀਚੰਦ ਨੇ ਸਿੰਧੂ ਅਤੇ ਸਾਇਨਾ ਨੇਹਵਾਲ ਦੇ ਤਮਗੇ ਜਿੱਤਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ।


Related News