ਗ੍ਰੇਟਾ ਥਨਬਰਗ ਨੇ ਕੀਤੀ ਫੈਡਰਰ ਦੀ ਆਲੋਚਨਾ, ਕਹੀ ਇਹ ਗੱਲ
Monday, Jan 13, 2020 - 06:57 PM (IST)

ਮੈਲਬੋਰਨ : ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੇ ਵਾਤਾਵਰਣ ਦੀ ਮੌਜੂਦਾ ਸਥਿਤੀ ਦੀਆਂ ਚਿੰਤਾਵਾਂ ਵਿਚਾਲੇ ਸਵਿਸ ਮਾਸਟਰ ਰੋਜਰ ਫੈਡਰਰ ਨੂੰ ਪ੍ਰਸਿੱਧ ਵਾਤਾਵਰਣ ਪ੍ਰੇਮੀ ਗ੍ਰੇਟਾ ਧਨਬਰਗ ਤੋਂ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਫੈਡਰਰ ਨੇ ਸੋਮਵਾਰ ਨੂੰ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਰਾਹਤ ਕੰਮਾਂ ਲਈ ਵੱਡੇ ਦਾਨ ਦਾ ਐਲਾਨ ਕੀਤਾ ਪਰ ਧਨਬਰਗ ਤੋਂ ਮਿਲ ਰਹੀਆਂ ਆਲੋਚਨਾਵਾਂ ਲਈ ਵੀ ਉਸ ਨੂੰ ਆਪਣੀ ਸਫਾਈ ਦੇਣੀ ਪਈ। ਸਵਿਸ ਮਾਸਟਰ ਦੀ ਧਨਬਰਗ ਸਮੇਤ ਦੁਨੀਆ ਭਰ ਦੇ ਕਈ ਵਾਤਾਵਰਣਪ੍ਰੇਮੀਆਂ ਨੇ ਖਣਿਜ ਪਦਾਰਥਾਂ ਵਿਚ ਨਿਵੇਸ਼ ਕਰਨ ਵਾਲੇ ਸਪਾਂਸਰਾਂ ਨਾਲ ਸਬੰਧ ਰੱਖਣ ਲਈ ਕਾਫੀ ਆਲੋਚਨਾ ਕੀਤੀ ਸੀ। ਫੈਡਰਰ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪ੍ਰਦਰਸ਼ਨੀ ਮੈਚ ਵਿਚ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਲਈ ਦਾਨ ਕਰੇਗਾ।
38 ਸਾਲਾ ਫੈਡਰਰ ਨੇ ਮੈਲਬੋਰਨ ਵਿਚ ਇਕ ਪ੍ਰੋਗਰਾਮ ਦੌਰਾਨ ਕਿਹਾ, ''ਜੇਕਰ ਕੋਈ ਵੀ ਇਸ ਦੇ ਲਈ ਦਾਨ ਦੇ ਸਕਿਆ ਤਾਂ ਬਹੁਤ ਚੰਗਾ ਹੋਵੇਗਾ, ਸਾਨੂੰ ਸਾਰਿਆਂ ਨੂੰ ਇਸ ਮੁਸ਼ਕਿਲ ਘੜੀ ਵਿਚ ਇਕਜੁਟਤਾ ਦਿਖਾਉਣ ਦੀ ਲੋੜ ਹੈ, ਜਿੱਥੇ ਸਾਰੇ ਇਸ ਸਮੇਂ ਦੇਸ਼ ਵਿਚ ਇਕਜੁੱਟ ਹਨ।'' ਉਸ ਨੇ ਕਿਹਾ, ''ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਭਵਿੱਖ ਵਿਚ ਰੋਕਣ ਲਈ ਕਦਮ ਚੁੱਕਣੇ ਪੈਣਗੇ ਤਾਂ ਕਿ ਇਸ ਪੱਧਰ 'ਤੇ ਅਜਿਹਾ ਦੁਬਾਰਾ ਨਾ ਹੋਵੇ। ਅਸੀਂ ਸਮਝਦੇ ਹਾਂ ਕਿ ਅੱਗ ਨੂੰ ਰੋਕਣਾ ਮੁਸ਼ਕਿਲ ਹੈ ਪਰ ਇਸ ਪੱਧਰ 'ਤੇ ਅਜਿਹੀਆਂ ਘਟਨਾਵਾਂ ਨਾ ਹੋਣ, ਇਸ 'ਤੇ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਬਹੁਤ ਵੱਡਾ ਦੇਸ਼ ਹੈ।''