ਗ੍ਰੈਂਡ ਫਾਈਨਲ ਸ਼ਤਰੰਜ ਟੂਰਨਾਮੈਂਟ : ਨਾਕਾਮੁਰਾ ਨੇ ਫਿਰ ਕਾਰਲਸਨ ਨੂੰ ਹਰਾਇਆ
Tuesday, Aug 18, 2020 - 12:59 AM (IST)
ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਸ਼ਤਰੰਜ ਟੂਰ ਦੇ ਗ੍ਰੈਂਡ ਫਾਈਨਲ ਵਿਚ ਮੁਕਾਬਲਾ ਬੇਹੱਦ ਸਖਤ ਹੁੰਦਾ ਜਾ ਰਿਹਾ ਹੈ ਤੇ ਅਜਿਹਾ ਸਾਫ ਲੱਗ ਰਿਹਾ ਹੈ ਕਿ ਬੈਸਟ ਆਫ 7 ਦਿਨ ਦਾ ਇਹ ਮੁਕਾਬਲਾ ਹੁਣ 7ਵੇਂ ਦਿਨ ਤੱਕ ਖੇਡਿਆ ਜਾਵੇਗਾ। ਪਹਿਲੇ ਦੋ ਦਿਨਾਂ ਤੋਂ ਬਾਅਦ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਵਿਚਾਲੇ 1-1 ਦੇ ਸਕੋਰ ਨਾਲ ਤੀਜੇ ਦਿਨ ਦੀ ਖੇਡ ਸ਼ੁਰੂ ਹੋਈ।
ਪਹਿਲੇ ਹੀ ਰੈਪਿਡ ਵਿਚ ਕਾਲੇ ਮੋਹਰਿਆਂ ਨਾਲ ਰਾਏ ਲੋਪੇਜ ਐਕਸਚੇਂਜ ਵੈਰੀਏਸ਼ਨ ਵਿਚ ਕਾਰਲਸਨ ਨੇ ਨਾਕਾਮੁਰਾ ਨੂੰ ਸ਼ਾਨਦਾਰ ਹਾਥੀ ਦੇ ਐਂਡਗੇਮ ਵਿਚ ਹਰਾਉਂਦਿਆ 45 ਚਾਲਾਂ ਵਿਚ ਜਿੱਤ ਦਰਜ ਕੀਤੀ ਤੇ 1-0 ਨਾਲ ਅੱਗੇ ਹੋ ਗਿਆ ਤੇ ਫਿਰ ਅਜਿਹਾ ਲੱਗਾ ਕਿ ਹਮੇਸ਼ਾ ਦੀ ਤਰ੍ਹਾਂ ਕਾਰਲਸਨ ਸ਼ਾਇਦ ਹੁਣ ਅੱਗੇ ਨਿਕਲ ਜਾਵੇਗਾ ਪਰ ਦੂਜੇ ਮੈਚ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਓਪਨਿੰਗ ਵਿਚ ਉਸ ਨੇ ਿਸਰਫ 17 ਚਾਲਾਂ ਵਿਚ ਡਰਾਅ ਖੇਡ ਕੇ ਹੈਰਾਨ ਕਰ ਦਿੱਤਾ।
ਤੀਜੇ ਮੁਕਾਬਲੇ ਵਿਚ ਇਕ ਵਾਰ ਫਿਰ ਰਾਏ ਲੋਪੇਜ ਓਪਨਿੰਗ ਤੇ ਕਾਲੇ ਮੋਹਰਿਆਂ ਨਾਲ ਖੇਡ ਰਿਹਾ ਕਾਰਲਸਨ ਇਸ ਵਾਰ ਭਾਰੀ ਖੁੰਝ ਕਰਦੇ ਹੋਏ ਸਿਰਫ 39 ਚਾਲਾਂ ਵਿਚ ਹਾਰ ਗਿਆ, ਨਤੀਜੇ ਵਜੋਂ ਸਕੋਰ 1.5-1.5 ਹੋ ਗਿਆ । ਚੌਥਾ ਤੇ ਆਖਰੀ ਮੁਕਾਬਲਾ ਲੰਡਨ ਸਿਸਟਮ ਓਪਨਿੰਗ ਵਿਚ ਹੋਇਆ ਤੇ 45 ਚਾਲਾਂ ਵਿਚ ਬਾਜ਼ੀ ਬੇਨਤੀਜਾ ਰਹੀ ਤੇ ਇਸ ਤਰ੍ਹਾਂ ਚਾਰ ਰੈਪਿਡ ਤੋਂ ਬਾਅਦ ਸਕੋਰ 2-2 ਹੋ ਗਿਆ। ਫਿਰ ਵਾਰੀ ਸੀ 5 ਮਿੰਟ ਦੇ ਬਲਿਟਜ਼ ਦੀ, ਜਿਸ ਵਿਚ ਦੋ ਮੁਕਾਬਲੇ ਹੋਏ। ਇਸ ਵਾਰ ਪਹਿਲਾ ਸਕੋਰ ਕੀਤਾ ਨਾਕਾਮੁਰਾ ਨੇ। ਉਸ ਨੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਓਪਨਿੰਗ ਵਿਚ 22 ਚਾਲਾਂ ਵਿਚ ਕਾਰਲਸਨ ਨੂੰ ਹਰਾਉਂਦੇ ਹੋਏ 3-2 ਨਾਲ ਬੜ੍ਹਤ ਬਣਾ ਲਈ ਤੇ ਆਖਰੀ ਬਲਿਟਜ਼ ਵਿਚ ਕਾਰਲਸਨ ਨੇ ਇੰਗਲਿਸ਼ ਓਪਨਿੰਗ ਵਿਚ 73 ਚਾਲਾਂ ਤੱਕ ਬਹੁਤ ਕੋਸ਼ਿਸ਼ ਕੀਤੀ ਪਰ ਖੇਡ ਡਰਾਅ ਰਹੀ ਤੇ ਇਸ ਤਰ੍ਹਾਂ ਨਾਕਾਮੁਰਾ ਨੇ 3.5-2.5 ਨਾਲ ਤੀਜਾ ਦਿਨ ਆਪਣੇ ਨਾਂ ਕਰਦੇ ਹੋਏ ਕੁਲ ਮਿਲਾ ਕੇ 2-1 ਨਾਲ ਬੜ੍ਹਤ ਹਾਸਲ ਕਰ ਲਈ।