ਕੋਰੋਨਾ ਕਾਰਨ ਓਲੰਪਿਕ ਹਾਕੀ ਫਾਈਨਲ ਰੱਦ ਹੋਣ ’ਤੇ ਦੋਵਾਂ ਟੀਮਾਂ ਨੂੰ ਮਿਲੇਗਾ ਗੋਲਡ ਮੈਡਲ
Friday, Jul 16, 2021 - 05:11 PM (IST)
ਟੋਕੀਓ (ਏਜੰਸੀ) : ਓਲੰਪਿਕ ਵਿਚ ਹਾਕੀ ਮੁਕਾਬਲੇ ਦੇ ਆਯੋਜਨ ਵਿਚ ‘ਅਗਰ-ਮਗਰ’ ਤੋਂ ਪਰੇਸ਼ਾਨ ਅੰਤਰਰਾਸ਼ਟਰੀ ਹਾਕੀ ਫੈੱਡਰੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਮਾਮਲਿਆਂ ਦੇ ਕਾਰਨ ਜੇਕਰ ਟੋਕੀਓ ਓਲੰਪਿਕ ਵਿਚ ਹਾਕੀ ਫਾਈਨਲ ਰੱਦ ਹੁੰਦਾ ਹੈ ਤਾਂ ਦੋਵਾਂ ਟੀਮਾਂ ਨੂੰ ਗੋਲਡ ਮੈਡਲ ਦਿੱਤਾ ਜਾਏਗਾ। ਐੱਫ.ਆਈ.ਐੱਚ. ਦੇ ਮੁੱਖ ਕਾਰਜਕਾਰੀ ਅਧਿਕਾਰੀ ਥਿਅਰੇ ਵੀਲ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਕਾਰਨ ਹਾਕੀ ਮੁਕਾਬਲੇ ਵਿਚੋਂ ਨਾਮ ਵਾਪਸ ਲੈਣ ਦਾ ਅਧਿਕਾਰ ਟੀਮਾਂ ਨੂੰ ਹੋਵੇਗਾ। ਟੋਕੀਓ ਓਲੰਪਿਕ ਨੂੰ ਆਮ ਖੇਡਾਂ ਤੋਂ ਵੱਖ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਟੀਮ ਵਿਚ ਕੋਰੋਨਾ ਦੇ ਮਾਮਲੇ ਆਉਣ ’ਤੇ ਵੀ ਉਹ ਖੇਡ ਸਕਦੀ ਹੈ।
ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ
ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਲੈ ਕੇ ਕਾਫ਼ੀ ‘ਅਗਰ ਮਗਰ’ ਹੈ, ਜਿਸ ’ਤੇ ਸਪੱਸ਼ਟੀਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਅਜਿਹੀ ਨੌਬਤ ਹੀ ਨਹੀਂ ਆਏਗੀ, ਜਦੋਂ ਕਿਸੇ ਟੀਮ ਨੂੰ ਕੋਰੋਨਾ ਕਾਰਨ ਨਾਮ ਵਾਪਸ ਲੈਣਾ ਪਏਗਾ। ਉਨ੍ਹਾਂ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਇਹ ਖੇਡ ਆਮ ਖੇਡਾਂ ਤੋਂ ਵੱਖ ਹੈ। ਇਹ ਓਲੰਪਿਕ ਖੇਡਾਂ ਇਤਿਹਾਸ ਵਿਚ ਦਰਜ ਹੋ ਜਾਣਗੀਆਂ। ਇਹ ਪਹਿਲਾਂ ਵਰਗੀਆਂ ਓਲੰਪਿਕ ਖੇਡਾਂ ਨਹੀਂ ਹਨ। ਸਾਰੇ ਖਿਡਾਰੀਆਂ ਅਤੇ ਸਬੰਧਤ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਅਤੇ ਲੋਕਾਂ ਦੀ ਸਿਹਤ ਦਾਅ ’ਤੇ ਹੈ।’
ਕੋਰੋਨਾ ਕਾਰਨ ਹਾਕੀ ਟੀਮ ਦੇ ਨਾਮ ਵਾਪਸ ਲੈਣ ਸਬੰਧੀ ਨਿਯਮ ਦੇ ਬਾਰੇ ਵਿਚ ਪੁੱਛਣ ’ਤੇ ਉਨ੍ਹਾਂ ਕਿਹਾ, ‘ਕੋਈ ਅੰਕੜਾ ਤੈਅ ਨਹੀਂ ਹੈ। ਇਹ ਟੀਮ ’ਤੇ ਨਿਰਭਰ ਕਰਦਾ ਹੈ। 6, 7 ਮਾਮਲੇ ਆਉਣ ’ਤੇ ਵੀ ਟੀਮ ਖੇਡ ਸਕਦੀ ਹੈ। ਪੂਰੀ ਟੀਮ ਪ੍ਰਭਾਵਿਤ ਹੋਣ ’ਤੇ ਹੀ ਨਾਮ ਵਾਪਸ ਲੈਣ ਦੀ ਨੌਬਤ ਆਏਗੀ।’ ਐੱਫ.ਆਈ.ਐੱਫ. ਵੱਲੋਂ ਬਣਾਏ ਗਏ ਖੇਡ ਵਿਸ਼ੇਸ਼ ਨਿਯਮਾਂ (ਐੱਸ.ਐੱਸ.ਆਰ.) (Sports Specific Regulations) ਤਹਿਤ ਜੇਕਰ ਕੋਈ ਟੀਮ ਪੂਲ ਮੈਚ ਨਹੀਂ ਖੇਡ ਪਾਉਂਦੀ ਹੈ ਤਾਂ ਦੂਜੀ ਟੀਮ ਨੂੰ 5.0 ਨਾਲ ਜੇਤੂ ਮੰਨਿਆ ਜਾਵੇਗਾ। ਦੋਵਾਂ ਟੀਮਾਂ ਨਹੀਂ ਖੇਡ ਪਾਉਂਦੀਆਂ ਹਨ ਤਾਂ ਇਸ ਨੂੰ ਗੋਲ ਰਹਿਤ ਡਰਾਅ ਮੰਨਿਆ ਜਾਵੇਗਾ। ਟੀਮਾਂ ਬਾਕੀ ਪੂਲ ਮੈਚ ਖੇਡ ਸਕਦੀਆਂ ਹਨ। ਉਨ੍ਹਾਂ ਕਿਹਾ, ‘ਫਾਈਨਲ ਵਿਚ ਦੋਵਾਂ ਟੀਮਾਂ ਦੇ ਨਾਮ ਵਾਪਸ ਲੈਣ ’ਤੇ ਦੋਵਾਂ ਨੂੰ ਗੋਲਡ ਮੈਡਲ ਦਿੱਤਾ ਜਾਏਗਾ। ਇਹ ਐੱਸ.ਐੱਸ.ਆਰ. ਵਿਚ ਸਾਫ਼ ਲਿਖਿਆ ਹੈ।’
ਇਹ ਵੀ ਪੜ੍ਹੋ: ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਲਈ ਨਵੀਂ ਮੁਸੀਬਤ, 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ
ਐੱਸ.ਐੱਸ.ਆਰ. ਮੁਤਾਬਕ ਜੇਕਰ ਕੋਈ ਟੀਮ ਕਾਂਸੀ ਤਮਗਾ ਮੁਕਾਬਲਾ ਨਹੀਂ ਖੇਡ ਪਾਉਂਦੀ ਹੈ ਤਾਂ ਉਸ ਦੀ ਜਗ੍ਹਾ ਕਿਸੇ ਹੋਰ ਟੀਮ ਨੂੰ ਮੌਕਾ ਨਹੀਂ ਮਿਲੇਗਾ, ਸਗੋਂ ਉਸ ਦੀ ਵਿਰੋਧੀ ਟੀਮ ਨੂੰ ਕਾਂਸੀ ਤਮਗਾ ਦੇ ਦਿੱਤਾ ਜਾਏਗਾ। ਦੋਵਾਂ ਟੀਮਾਂ ਦੇ ਨਾ ਖੇਡ ਪਾਉਣ ’ਤੇ ਦੋਵਾਂ ਟੀਮਾਂ ਨੂੰ ਕਾਂਸੀ ਤਮਗਾ ਮਿਲੇਗਾ। ਵੀਲ ਨੇ ਕਿਹਾ ਕਿ ਖੇਡ ਸ਼ੁਰੂ ਹੋਣ ’ਤੇ ਕਈ ਚੀਜ਼ਾਂ ਸਾਫ਼ ਹੋਣਗੀਆਂ। ਉਨ੍ਹਾਂ ਕਿਹਾ, ‘ਕਈ ਜਵਾਬਦੇਹ ਪ੍ਰਸ਼ਨ ਹਨ। ਉਦਾਹਰਣ ਲਈ ਹਾਰਨ ਵਾਲੀ ਟੀਮ ਜਾਂ ਖਿਡਾਰੀ ਮੁਕਾਬਲੇ ਦੇ ਤੁਰੰਤ ਬਾਅਦ ਰਵਾਨਾ ਹੋ ਜਾਂਦੇ ਹਨ ਪਰ ਟੋਕੀਓ ਵਿਚ ਪਤਾ ਨਹੀਂ ਕੀ ਹੋਵੇਗਾ।’ ਆਮ ਤੌਰ ’ਤੇ ਓਲੰਪਿਕ ਵਿਚ ਹਾਕੀ ਟੀਮ ਵਿਚ 16 ਖਿਡਾਰੀ ਹੁੰਦੇ ਹਨ ਪਰ ਇਸ ਵਾਰ ਕੋਰੋਨਾ ਕਾਲ ਦੀ ਵਜ੍ਹਾ ਨਾਲ ਹਰ ਟੀਮ ਨੂੰ 2 ਵਾਧੂ ਖਿਡਾਰੀ ਅਤੇ ਇਕ ਰਿਜ਼ਰਵ ਗੋਲਕੀਪਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਟੋਕੀਓ ਓਲੰਪਿਕ ਵਿਚ ਹਾਕੀ ਮੁਕਾਬਲਾ 24 ਜੁਲਾਈ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।