HD ਬੈਂਕ ਮਾਸਟਰਜ਼ ਸ਼ਤਰੰਜ ''ਚ ਗੁਕੇਸ਼ ਨੂੰ ਦੂਸਰਾ ਸਥਾਨ

Wednesday, Mar 13, 2019 - 07:52 PM (IST)

HD ਬੈਂਕ ਮਾਸਟਰਜ਼ ਸ਼ਤਰੰਜ ''ਚ ਗੁਕੇਸ਼ ਨੂੰ ਦੂਸਰਾ ਸਥਾਨ

ਹੋ ਚੀ ਮਿੰਨ੍ਹ (ਵੀਅਤਨਾਮ) (ਨਿਕਲੇਸ਼ ਜੈਨ)— ਏਸ਼ੀਆ ਦੇ ਵੱਕਾਰੀ ਐੱਚ. ਡੀ. ਬੈਂਕ ਇੰਟਰਨੈਸ਼ਨਲ ਮਾਸਟਰਸ ਵਿਚ ਭਾਰਤ ਦੇ ਨੰਨ੍ਹੇ ਸਮਰਾਟ ਅਤੇ ਕੁਝ ਹੀ ਦਿਨ ਦੁਨੀਆ ਦੇ ਦੂਸਰੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ ਬਣੇ ਡੀ. ਗੁਕੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ 'ਤੇ ਦੂਸਰਾ ਸਥਾਨ ਹਾਸਲ ਕੀਤਾ ਹੈ। ਪ੍ਰਤੀਯੋਗਿਤਾ ਵਿਚ 2529 ਰੇਟਿੰਗ ਵਾਲੇ ਗੁਕੇਸ਼ ਨੂੰ 15ਵਾਂ ਦਰਜਾ ਦਿੱਤਾ ਗਿਆ ਸੀ। ਉਸ ਨੇ 2700 ਦੇ ਲੈਵਲ ਦਾ ਪ੍ਰਦਰਸ਼ਨ ਕਰਦੇ ਹੋਏ ਕੁਲ 7 ਅੰਕ ਬਣਾ ਕੇ ਇਹ ਸਥਾਨ ਹਾਸਲ ਕੀਤਾ, ਨਾਲ ਹੀ ਉਸ ਨੇ ਆਪਣੀ ਅੰਤਰਰਾਸ਼ਟਰੀ ਰੇਟਿੰਗ ਵਿਚ ਲਗਭਗ 20 ਕੀਮਤੀ ਅੰਕ ਵੀ ਜੋੜੇ। 
8ਵੇਂ ਰਾਊਂਡ ਵਿਚ ਰੂਸ ਦੇ ਅੰਟੋਨ ਦੇਮਚੇਂਕੋਂ 'ਤੇ ਉਸ ਦੀ ਜਿੱਤ ਖਾਸ ਰਹੀ। ਵੱਡੀ ਗੱਲ ਇਹ ਰਹੀ ਕਿ ਉਸ ਨੇ ਪ੍ਰਤੀਯੋਗਿਤਾ ਵਿਚ ਇਕ ਵੀ ਡਰਾਅ ਨਹੀਂ ਖੇਡਿਆ। ਕੁਲ 9 ਰਾਊਂਡ ਵਿਚੋਂ 7 ਜਿੱਤਾਂ ਅਤੇ 2 ਹਾਰਾਂ ਉਸ ਦੇ ਹਿੱਸੇ ਆਈਆਂ। ਪ੍ਰਤੀਯੋਗਿਤਾ ਦਾ ਖਿਤਾਬ 7.5 ਅੰਕਾਂ ਦੇ ਨਾਲ ਚੀਨ ਦੇ ਟਾਪ ਸੀਡ ਹਾਓ ਵਾਂਗ ਨੇ ਜਿੱਤਿਆ, ਜਦਕਿ ਗੁਕੇਸ਼ ਸਮੇਤ ਚੀਨ ਦੇ ਵੇਨ ਯਾਂਗ, ਲਿਓ ਗੁਯਾਇਚੂ, ਯੂਕ੍ਰੇਨ ਦੇ ਬੋਦਨੋਵਿਚ ਸਤਨਿਸਲਵ 7 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਰਹੇ।
ਹੋਰ ਭਾਰਤੀ ਖਿਡਾਰੀਆਂ 'ਚ ਕਾਰਤਿਕ ਵੈਂਕਟਰਮਨ 6.5 ਅੰਕਾਂ ਨਾਲ 8ਵੇਂ ਸਥਾਨ 'ਤੇ ਰਿਹਾ। ਭਾਰਤ ਦੀ ਨਾਂਧਿਧਾ ਪੀ. ਵੀ. 6 ਅੰਕਾਂ ਨਾਲ ਓਵਰਆਲ 19ਵੇਂ ਤਾਂ ਮਹਿਲਾਵਾਂ 'ਚ ਪਹਿਲੇ ਸਥਾਨ 'ਤੇ ਰਹੀ।


author

Gurdeep Singh

Content Editor

Related News