ਗੋਆ ’ਚ ਕੈਸਿਨੋ ਸ਼ਿਪ ’ਤੇ ਆਪਣਾ ਮੁਕਾਬਲਾ ਲੜਨਗੇ ਵਿਜੇਂਦਰ
Monday, Mar 01, 2021 - 03:24 PM (IST)
ਨਵੀਂ ਦਿੱਲੀ(ਵਾਰਤਾ) : ਭਾਰਤ ਦੇ ਸਟਾਰ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਕੋਰੋਨਾ ਮਹਾਮਾਰੀ ਕਾਰਨ ਕਰੀਬ 1 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਰਿੰਗ ਵਿਚ ਉਤਰਨ ਲਈ ਤਿਆਰ ਹੈ। ਨਾਕਆਊਟ ਕਿੰਗ ਵਿਜੇਂਦਰ ਆਪਣੇ ਅਜੇਤੂ ਕਰਮ 12-0 (8 ਵਾਰ ਨਾਕਆਊਟ ਜੇਤੂ) ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ 19 ਮਾਰਚ ਨੂੰ ਫਿਰ ਤੋਂ ਰਿੰਗ ਵਿਚ ਉਤਰਨਗੇ ਅਤੇ ਇਹ ਮੁਕਾਬਲਾ ਗੋਆ ਵਿਚ ਮੈਜੇਸਟਿਕ ਪ੍ਰਾਈਡ ਕੈਸਿਨੋ ਸ਼ਿਪ ’ਤੇ ਖੇਡਿਆ ਜਾਵੇਗਾ। ਭਾਰਤ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਮੁੱਕੇਬਾਜ਼ੀ ਮੁਕਾਬਲਾ ਕਿਸੇ ਕੈਸਿਨੋ ਸ਼ਿਪ ’ਤੇ ਹੋਵੇਗਾ। ਵਿਜੇਂਦਰ ਦੇ ਵਿਰੋਧੀ ਦੀ ਘੋਸ਼ਣਾ ਜਲਦ ਕੀਤੀ ਜਾਵੇਗੀ। ਵਿਜੇਂਦਰ ਦੇ ਪ੍ਰਮੋਟਰ ਆਈ.ਓ.ਐਸ. ਬਾਕਸਿੰਗ ਪ੍ਰਮੋਸ਼ਨ ਨੇ ਸੋਮਵਾਰ ਨੂੰ ਇਹ ਘੋਸ਼ਣਾ ਕੀਤੀ।
ਡਬਲਯੂ.ਬੀ.ਓ. (ਵਰਲਡ ਬਾਕਸਿੰਗ ਆਰਗੇਨਾਈਜੇਸ਼ਨ) ਮਿਲਡਵੇਟ ਅਤੇ ਡਬਲਯੂ.ਬੀ.ਓ. ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਚੈਂਪੀਅਨ ਵਿਜੇਂਦਰ ਨੇ ਨਵੰਬਰ 2019 ਵਿਚ ਦੁਬਈ ਵਿਚ ਆਪਣੀ ਆਖ਼ਰੀ ਫਾਈਟ ਵਿਚ ਸਾਬਕਾ ਕਾਮਨਵੈਲਥ ਚੈਂਪੀਅਨ ਘਾਨਾ ਦੇ ਚਾਰਲਸ ਅਦਾਮੂ ਨੂੰ ਹਰਾ ਕੇ ਲਗਾਤਾਰ ਆਪਣੀ 12ਵੀਂ ਜਿੱਤ ਦਰਜ ਕੀਤੀ ਸੀ। ਮਾਰਚ 2021 ਵਿਚ ਵਿਜੇਂਦਰ ਦੀ 13ਵੀਂ ਪ੍ਰੋਫੈਸ਼ਨਲ ਅਤੇ ਭਾਰਤ ਵਿਚ ਪੰਜਵੀਂ ਫਾਈਟ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ, ਮੁੰਬਈ ਅਤੇ ਜੈਪੁਰ ਵਿਚ ਸਾਰੀਆਂ ਫਾਈਟਾਂ ਜਿੱਤੀਆਂ ਹਨ। ਇਹ ਮੁਕਾਬਲਾ ਮੈਜੇਸਟਿਕ ਪ੍ਰਾਈਡ ਕੈਸਿਨੋ ਸ਼ਿਪ ਦੇ ਰੂਫਟਾਪ ਡੇਕ ’ਤੇ ਹੋਵੇਗਾ। ਇਕ ਜਹਾਜ਼ ਦੇ ਡੇਕ ’ਤੇ ਹੋਣ ਵਾਲੇ ਇਸ ਮੁਕਾਬਲੇ ਨਾਲ ਭਾਰਤ ਵਿਚ ਪ੍ਰੋਫੈਸ਼ਨਲ ਮੁੱਕੇਬਾਜੀ ਮਨੋਰੰਜਣ ਦੇ ਇਕ ਨਵੇਂ ਪੱਧਰ ’ਤੇ ਪਹੁੰਚ ਜਾਏਗੀ। ਮੈਜੇਸਟਿਕ ਪ੍ਰਾਈਡ ਗੋਆ ਦੇ ਪਣਜੀ ਵਿਚ ਮਾਂਡੋਵੀ ਨਦੀ ਵਿਚ ਰੁੱਕਿਆ ਹੋਇਆ ਹੈ। ਇਸ ਜਹਾਜ਼ ਸੁਨਹਿਰੇ ਤੱਟ ਅਤੇ ਨਦੀ ਦਾ ਖ਼ੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।