ਜਿਬ੍ਰਾਲਟਰ ਮਾਸਟਰਸ ਸ਼ਤਰੰਜ : ਗੁਕੇਸ਼, ਅਧਿਬਨ, ਮੁਰਲੀ ''ਤੇ ਭਾਰਤ ਦੀਆਂ ਨਜ਼ਰਾਂ

Tuesday, Jan 29, 2019 - 11:46 PM (IST)

ਜਿਬ੍ਰਾਲਟਰ (ਇੰਗਲੈਂਡ) (ਨਿਕਲੇਸ਼ ਜੈਨ)— ਵੱਕਾਰੀ ਜਿਬ੍ਰਾਲਟਰ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ 'ਚ 7 ਰਾਊਂਡਜ਼ ਤੋਂ ਬਾਅਦ ਰੂਸ ਦਾ ਗ੍ਰੈਂਡ ਮਾਸਟਰ ਅਰਤੇਮਾਇਵ ਵਲਾਦੀਸਲਾਵ 6 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ। 7ਵੇਂ ਰਾਊਂਡ ਵਿਚ ਉਸ ਨੇ ਖਿਤਾਬ ਦੇ ਵੱਡੇ ਦਾਅਵੇਦਾਰ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਹਰਾ ਕੇ ਸਿੰਗਲ ਬੜ੍ਹਤ ਬਣਾ ਲਈ ਹੈ ਪਰ ਫਿਲਹਾਲ ਮੁਕਾਬਲਾ ਇੰਨਾ ਸਖਤ ਹੈ ਕਿ ਉਸ ਤੋਂ ਠੀਕ ਪਿੱਛੇ 5.5 ਅੰਕਾਂ 'ਤੇ ਅਰਮੀਨੀਆ ਦੇ ਧਾਕੜ ਲੇਵਾਨ ਅਰੋਨੀਅਨ ਸਮੇਤ ਕੁਲ 12 ਖਿਡਾਰੀ ਮੁਕਾਬਲੇ ਵਿਚ ਹਨ ਤੇ ਅਜਿਹੀ ਹਾਲਤ ਵਿਚ ਖਿਤਾਬ ਦਾ ਜੇਤੂ ਕੋਈ ਵੀ ਬਣ ਸਕਦਾ ਹੈ।
ਭਾਰਤੀ ਖਿਡਾਰੀਆਂ ਵਿਚ ਸਭ ਤੋਂ ਵੱਧ ਹੁਣ ਤਕ ਡੀ. ਗੁਕੇਸ਼ ਨੇ ਪ੍ਰਭਾਵਿਤ ਕੀਤਾ ਹੈ, ਜਿਹੜਾ ਵਿਸ਼ਵ ਦਾ ਦੂਜਾ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਬਣਨ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡਦੇ ਹੋਏ 5 ਅੰਕ ਬਣਾ ਕੇ ਆਪਣੀ ਰੇਟਿੰਗ ਵਿਚ 17 ਅੰਕਾਂ ਦਾ ਵਾਧਾ ਕਰਨ ਵਿਚ ਕਾਯਮਾਬ ਰਿਹਾ ਹੈ। ਉਸ ਤੋਂ ਇਲਾਵਾ ਭਾਸਕਰਨ ਅਧਿਬਨ, ਮੁਰਲੀ ਕਾਰਤੀਕੇਅਨ, ਰੋਹਿਤ ਲਲਿਤ ਬਾਬੂ ਵੀ 5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ।
ਮਹਿਲਾ ਖਿਡਾਰੀਆਂ 'ਚ ਕੋਨੇਰੂ ਹੰਪੀ ਇਕ ਵਾਰ ਫਿਰ ਇੰਟਰਨੈਸ਼ਨਲ ਸਰਕਟ ਵਿਚ ਚੰਗਾ ਕਰਦੀ ਨਜ਼ਰ ਆ ਰਹੀ ਹੈ ਤੇ ਫਿਲਹਾਲ ਉਹ 4 ਅੰਕ ਬਣਾ ਕੇ ਮਹਿਲਾਵਾਂ ਵਿਚ ਸਭ ਤੋਂ ਅੱਗੇ ਚੱਲ ਰਹੀ ਹੈ। ਹਰਿਕਾ ਦ੍ਰੋਣਾਵਲੀ ਤੇ ਸਿਰਜਾ ਸ਼ੇਸ਼ਾਂਦ੍ਰੀ 3.5 ਅੰਕਾਂ 'ਤੇ ਖੇਡ ਰਹੀਆਂ ਹਨ।
 


Related News