ਜਨਰੇਸ਼ਨ ਕੱਪ ਸ਼ਤਰੰਜ - ਭਾਰਤ ਦੇ ਅਰਜੁਨ ਐਰਿਗਾਸੀ ਨੇ ਬਣਾਈ ਬੜ੍ਹਤ, ਪ੍ਰਗਿਆਨੰਦਾ ਵੀ ਦੂਜੇ ਸਥਾਨ ''ਤੇ
Wednesday, Sep 21, 2022 - 09:54 PM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਨੰਬਰ 3 ਸ਼ਤਰੰਜ ਗ੍ਰਾਂਡ ਮਾਸਟਰ ਅਰਜੁਨ ਐਰਿਗਾਸੀ ਨੇ ਹੁਣ ਦੁਨੀਆ ਦੇ ਦਿੱਗਜ ਖਿਡਾਰੀਆਂ ਦੇ ਸਾਹਮਣੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਪ੍ਰਦਰਸ਼ਨ ਵਿੱਚ ਅਰਜੁਨ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਪਛਾੜਦੇ ਹੋਏ ਚੈਂਪੀਅਨਜ਼ ਸ਼ਤਰੰਜ ਟੂਰ ਦੇ ਜੂਲੀਅਸ ਬੇਅਰ ਜਨਰੇਸ਼ਨ ਕੱਪ ਸ਼ਤਰੰਜ ਟੂਰਨਾਮੈਂਟ ਵਿੱਚ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ, ਜਦਕਿ ਉਸ ਤੋਂ ਠੀਕ ਪਿੱਛੇ ਭਾਰਤ ਦੇ ਹੀ ਗ੍ਰਾਂਡਮਾਸਟਰ ਆਰ. ਪ੍ਰਗਿਆਨੰਦ ਹਨ।
ਅਰਜੁਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੋਂ ਹਾਰ ਨਾਲ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਨੇ 5 ਜਿੱਤਾਂ ਅਤੇ 2 ਡਰਾਅ ਨਾਲ ਕੁੱਲ 17 ਅੰਕ ਬਣਾ ਕੇ ਸਿੰਗਲ ਬੜ੍ਹਤ ਬਣਾ ਲਈ ਹੈ। ਇਸ ਟੂਰਨਾਮੈਂਟ ਵਿੱਚ ਜਿੱਤ ਲਈ 3 ਅੰਕ ਦਿੱਤੇ ਜਾਂਦੇ ਹਨ ਜਦੋਂ ਕਿ ਡਰਾਅ ਲਈ 1 ਅੰਕ ਦਿੱਤਾ ਜਾਂਦਾ ਹੈ।
ਅਰਜੁਨ ਨੇ ਹੁਣ ਤੱਕ ਭਾਰਤ ਦੇ ਅਧੀਬਾਨ ਭਾਸਕਰਨ, ਵੀਅਤਨਾਮ ਦੇ ਲਿਮ ਕੁਆਂਗ, ਅਮਰੀਕਾ ਦੇ ਨੀਮਨ ਹੰਸ ਅਤੇ ਲੇਵੋਨ ਐਰੋਨੀਅਨ ਅਤੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੂੰ ਹਰਾਇਆ ਜਦਕਿ ਭਾਰਤ ਦੇ ਪ੍ਰਗਿਆਨੰਦਾ ਅਤੇ ਕੈਨੇਡਾ ਦੇ ਇਵਾਨ ਸਾਰਿਕ ਦੇ ਖਿਲਾਫ ਮੁਕਾਬਲਾ ਡਰਾਅ ਖੇਡਿਆ ਹੈ। ਪ੍ਰਗਿਆਨੰਧਾ ਨੇ ਦੂਜੇ ਦਿਨ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਡਰਾਅ 'ਤੇ ਰੋਕਿਆ ਜਦਕਿ ਯੂਕਰੇਨ ਦੇ ਵੇਸਲੇ ਇਵਾਨਚੁਕ, ਇਜ਼ਰਾਈਲ ਦੇ ਬੋਰਿਸ ਗੇਲਫੈਂਡ, ਪੋਲੈਂਡ ਦੇ ਯਾਨ ਡੂਡਾ ਅਤੇ ਜਰਮਨੀ ਦੇ ਵਿਨਸੈਂਟ ਕੇਮਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਨਾਲ 15 ਅੰਕਾਂ ਨਾਲ ਸਾਂਝੇ ਦੂਜੇ ਸਥਾਨ 'ਤੇ ਰਹੇ।