ਗਾਵਸਕਰ ਸੀਨੀਅਰ ਕ੍ਰਿਕਟਰਾਂ ਤੋਂ ਹਨ ਖ਼ਫ਼ਾ, BCCI ਨੂੰ ਕੀਤੀ ਇਹ ਅਪੀਲ
Wednesday, Jul 13, 2022 - 03:51 PM (IST)

ਨਵੀਂ ਦਿੱਲੀ- ਸਾਬਕਾ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਭਾਰਤ ਦੇ ਸੀਨੀਅਰ ਖਿਡਾਰੀਆਂ ਦੀ ਵਚਨਬੱਧਤਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਕ੍ਰਿਕਟਰ ਕੌਮਾਂਤਰੀ ਸੀਰੀਜ਼ ਤੋਂ ਆਰਾਮ ਲੈਂਦੇ ਹਨ ਪਰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਵਿਚ ਬਿਨਾਂ ਬ੍ਰੇਕ ਦੇ ਖੇਡਦੇ ਹਨ। ਸੀਨੀਅਰ ਖਿਡਾਰੀਆਂ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਨੂੰ ਵੈਸਟਇੰਡੀਜ਼ ਖ਼ਿਲਾਫ਼ ਅਗਲੀ ਸੀਰੀਜ਼ ’ਚ ਆਰਾਮ ਦਿੱਤੇ ਜਾਣ ਤੋਂ ਬਾਅਦ ਗਾਵਸਕਰ ਨੇ ਇਹ ਟਿੱਪਣੀ ਕੀਤੀ।
ਗਾਵਸਕਰ ਨੇ ਕਿਹਾ ਕਿ ਮੈਂ ਖਿਡਾਰੀਆਂ ਨੂੰ ਆਰਾਮ ਦੇਣ ਦੀ ਗੱਲ ਨਾਲ ਸਹਿਮਤ ਨਹੀਂ ਹਾਂ। ਬਿਲਕੁਲ ਵੀ ਨਹੀਂ। ਤੁਸੀਂ ਆਈ. ਪੀ. ਐੱਲ ਦੌਰਾਨ ਆਰਾਮ ਨਹੀਂ ਕਰਦੇ ਤਾਂ ਫਿਰ ਭਾਰਤ ਲਈ ਖੇਡਦੇ ਹੋਏ ਅਜਿਹੀ ਮੰਗ ਕਿਉਂ ਕਰਦੇ ਹੋ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਤੁਹਾਨੂੰ ਭਾਰਤ ਲਈ ਖੇਡਣਾ ਪਵੇਗਾ। ਆਰਾਮ ਦੀ ਗੱਲ ਨਾ ਕਰੋ।
ਉਨ੍ਹਾਂ ਨੇ ਕਿਹਾ ਕਿ ਟੀ-20 ਵਿਚ ਪਾਰੀ ਵਿਚ ਸਿਰਫ਼ 20 ਓਵਰ ਹੁੰਦੇ ਹਨ। ਇਸ ਦਾ ਤੁਹਾਡੇ ਸਰੀਰ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਟੈਸਟ ਮੈਚ ਵਿਚ ਦਿਮਾਗ਼ ਤੇ ਸਰੀਰ ’ਤੇ ਅਸਰ ਪੈਂਦਾ ਹੈ, ਮੈਂ ਸਮਝ ਸਕਦਾ ਹਾਂ। ਪਰ ਮੈਨੂੰ ਨਹੀਂ ਲਗਦਾ ਕਿ ਟੀ-20 ਵਿਚ ਕੋਈ ਮੁਸ਼ਕਲ ਹੈ। ਇਸ ਸਾਬਕਾ ਕਪਤਾਨ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਆਰਾਮ ਦੀ ਇਸ ਨੀਤੀ ਵਿਚ ਦਖ਼ਲ ਦੇਵੇ।
ਗਾਵਸਕਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਬੀ. ਸੀ. ਸੀ. ਆਈ. ਨੂੰ ਆਰਾਮ ਦੀ ਇਸ ਧਾਰਨਾ ’ਤੇ ਗ਼ੌਰ ਕਰਨ ਦੀ ਲੋੜ ਹੈ। ਗ੍ਰੇਡ-ਏ ਦੇ ਸਾਰੇ ਕ੍ਰਿਕਟਰਾਂ ਨੂੰ ਕਾਫੀ ਚੰਗੇ ਕਰਾਰ ਮਿਲੇ ਹਨ। ਉਨ੍ਹਾਂ ਨੂੰ ਹਰੇਕ ਮੈਚ ਲਈ ਪੈਸਾ ਮਿਲਦਾ ਹੈ। ਮੈਨੂੰ ਦੱਸੋ, ਕੀ ਕੋਈ ਅਜਿਹੀ ਕੰਪਨੀ ਹੈ ਜੋ ਆਪਣੇ ਸੀਈਓ ਜਾਂ ਮੈਨੇਜਿੰਗ ਡਾਇਰੈਕਟਰ ਨੂੰ ਇੰਨੀਆਂ ਛੁੱਟੀਆਂ ਦਿੰਦੀ ਹੈ। ਤਿੰਨ ਵਨ-ਡੇ ਤੋਂ ਇਲਾਵਾ ਵੈਸਟਇੰਡੀਜ਼ ਦੌਰੇ ’ਤੇ ਭਾਰਤ ਪੰਜ ਟੀ-20 ਕੌਮਾਂਤਰੀ ਮੈਚ ਵੀ ਖੇਡੇਗਾ। ਵਨ-ਡੇ ਮੈਚਾਂ ਲਈ ਰੈਗੂਲਰ ਕਪਤਾਨ ਰੋਹਿਤ ਦੀ ਗ਼ੈਰਮੌਜੂਦਗੀ ਵਿਚ ਕਪਤਾਨੀ ਦੀ ਜ਼ਿੰਮੇਵਾਰੀ ਸ਼ਿਖਰ ਧਵਨ ਨੂੰ ਸੌਂਪੀ ਗਈ ਹੈ।