BGT ਟਰਾਫੀ ਦੇਣ ਲਈ ਬਾਰਡਰ ਦੇ ਨਾਲ ਗਾਵਸਕਰ ਨੂੰ ਨਹੀਂ ਬੁਲਾਇਆ, ਦਿੱਗਜ ਕ੍ਰਿਕਟਰ ਨਾਰਾਜ਼
Monday, Jan 06, 2025 - 11:37 AM (IST)
ਸਪੋਰਟਸ ਡੈਸਕ- ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਆਪਣੇ ਤੇ ਐਲਨ ਬਾਰਡਰ ਦੇ ਨਾਂ ’ਤੇ ਦਿੱਤੀ ਜਾਣ ਵਾਲੀ ਟਰਾਫੀ ਆਸਟ੍ਰੇਲੀਆਈ ਟੀਮ ਨੂੰ ਪ੍ਰਦਾਨ ਕਰਨ ਲਈ ਨਾ ਬੁਲਾਏ ਜਾਣ ’ਤੇ ਨਾਰਾਜ਼ਗੀ ਜਤਾਈ ਹੈ।
ਬਾਰਡਰ ਨੇ ਆਸਟ੍ਰੇਲੀਆਈ ਟੀਮ ਨੂੰ ਟਰਾਫੀ ਪ੍ਰਦਾਨ ਕੀਤੀ ਜਦਕਿ ਉਸ ਸਮੇਂ ਮੈਦਾਨ ’ਤੇ ਮੌਜੂਦ ਹੋਣ ਦੇ ਬਾਵਜੂਦ ਗਾਵਸਕਰ ਨੂੰ ਬੁਲਾਇਆ ਨਹੀਂ ਗਿਆ। ਗਾਵਸਕਰ ਨੇ ਕਿਹਾ, ‘‘ਮੈਨੂੰ ਇਨਾਮ ਵੰਡ ਸਮਾਰੋਹ ਵਿਚ ਜਾ ਕੇ ਖੁਸ਼ੀ ਹੁੰਦੀ। ਆਖਿਰਕਾਰ ਇਹ ਬਾਰਡਰ-ਗਾਵਸਕਰ ਟਰਾਫੀ ਹੈ ਤੇ ਆਸਟ੍ਰੇਲੀਆ ਤੇ ਭਾਰਤ ਨਾਲ ਜੁੜੀ ਹੋਈ ਹੈ।’’
ਉਸ ਨੇ ਕਿਹਾ,‘‘ਮੈਂ ਮੈਦਾਨ ’ਤੇ ਹੀ ਸੀ। ਮੈਨੂੰ ਫਰਕ ਨਹੀਂ ਪੈਂਦਾ ਕਿ ਟਰਾਫੀ ਆਸਟ੍ਰੇਲੀਆ ਨੂੰ ਦਿੱਤੀ ਜਾ ਰਹੀ ਸੀ। ਉਨ੍ਹਾਂ ਨੇ ਬਿਹਤਰ ਕ੍ਰਿਕਟ ਖੇਡੀ ਤੇ ਜਿੱਤੇ। ਠੀਕ ਹੈ।’’
ਉਸ ਨੇ ਕਿਹਾ,‘‘ਸਿਰਫ ਇਸ ਲਈ ਕਿ ਮੈਂ ਇਕ ਭਾਰਤੀ ਹਾਂ। ਆਪਣੇ ਚੰਗੇ ਦੋਸਤ ਐਲਨ ਬਾਰਡਰ ਦੇ ਨਾਲ ਟਰਾਫੀ ਪ੍ਰਦਾਨ ਕਰਕੇ ਮੈਨੂੰ ਖੁਸ਼ੀ ਹੁੰਦੀ।’’
ਭਾਰਤੀ ਟੀਮ ਜੇਕਰ ਜਿੱਤਦੀ ਤਾਂ ਗਾਵਸਕਰ ਨੂੰ ਜੇਤੂ ਟੀਮ ਨੂੰ ਟਰਾਫੀ ਪ੍ਰਦਾਨ ਕਰਨ ਲਈ ਬੁਲਾਇਆ ਜਾਂਦਾ। ਕ੍ਰਿਕਟ ਆਸਟ੍ਰੇਲੀਆ ਨੇ ਬਾਅਦ ਵਿਚ ਪੁਸ਼ਟੀ ਕੀਤੀ ਕਿ ਗਾਵਸਕਰ ਨੂੰ ਪਤਾ ਸੀ ਕਿ ਜੇਕਰ ਭਾਰਤੀ ਟੀਮ ਸਿਡਨੀ ਟੈਸਟ ਜਿੱਤ ਕੇ ਟਰਾਫੀ ਬਰਕਰਾਰ ਰੱਖਦੀ ਤਾਂ ਉਸ ਨੂੰ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੂੰ ਟਰਾਫੀ ਦੇਣ ਲਈ ਬੁਲਾਇਆ ਜਾਂਦਾ।’’
ਕ੍ਰਿਕਟ ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ,‘‘ਅਸੀਂ ਮੰਨਦੇ ਹਾਂ ਕਿ ਐਲਨ ਬਾਰਡਰ ਤੇ ਸੁਨੀਲ ਗਾਵਸਕਰ ਦੋਵਾਂ ਨੂੰ ਮੰਚ ’ਤੇ ਬੁਲਾਇਆ ਜਾਂਦਾ ਤਾਂ ਚੰਗਾ ਰਹਿੰਦਾ।’’