ਗੰਭੀਰ ਨੂੰ ਬਿਹਤਰ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਸੀ : ਹੈਡਨ

Sunday, Aug 10, 2025 - 01:12 PM (IST)

ਗੰਭੀਰ ਨੂੰ ਬਿਹਤਰ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਸੀ : ਹੈਡਨ

ਮੈਲਬੋਰਨ–ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੈਡਨ ਦਾ ਮੰਨਣਾ ਹੈ ਕਿ ਭਾਰਤ ਦਾ ਮੁੱਖ ਕੋਚ ਗੌਤਮ ਗੰਭੀਰ ਇੰਗਲੈਂਡ ਵਿਰੁੱਧ 5ਵੇਂ ਤੇ ਆਖਰੀ ਟੈਸਟ ਮੈਚ ਤੋਂ ਪਹਿਲਾਂ ਓਵਲ ਵਿਚ ਕਿਊਰੇਟਰ ਦੇ ਨਾਲ ਤਿੱਖੀ ਬਹਿਸਬਾਜ਼ੀ ਦੌਰਾਨ ਆਪਣੀ ਭਾਸ਼ਾ ਵਿਚ ਨਰਮੀ ਵਰਤ ਸਕਦਾ ਸੀ।

ਪੰਜਵੇਂ ਟੈਸਟ ਤੋਂ ਪਹਿਲਾਂ ਗੰਭੀਰ ਦੀ ਓਵਲ ਦੇ ਮੁੱਖ ਕਿਊਰੇਟਰ ਲੀ ਫੋਰਟਿਸ ਦੇ ਨਾਲ ਤਿੱਖੀ ਬਹਿਸ ਹੋਈ ਸੀ ਤੇ ਉਸ ਨੂੰ ਮੈਦਾਨਕਰਮਚਾਰੀਆਂ ’ਤੇ ਉਂਗਲ ਚੁੱਕਦੇ ਹੋਏ ਇਹ ਕਹਿੰਦੇ ਸੁਣਿਆ ਗਿਆ ਸੀ ਕਿ ‘‘ਤੂੰ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਸਾਨੂੰ ਕੀ ਕਰਨਾ ਚਾਹੀਦਾ।’’

ਹੈਡਨ ਨੇ ਕਿਹਾ, ‘‘ਉਹ (ਕਿਊਰੇਟਰ) ਪਿੱਚ ਨੂੰ ਲੈ ਕੇ ਬਚਾਅ ਦੀ ਸਥਿਤੀ ਵਿਚ ਹੋ ਸਕਦਾ ਹੈ। ਇੰਗਲੈਂਡ ਵਿਚ ਇਹ ਆਮ ਗੱਲ ਹੈ। ਇਹ ਉਸਦਾ ਆਪਣਾ ਮੈਦਾਨ ਹੈ ਤੇ ਅਸੀਂ ਆਖਰੀ ਟੈਸਟ ਮੈਚ ਖੇਡਣ ਜਾ ਰਹੇ ਹਾਂ। ਅਜਿਹੇ ਵਿਚ ਗੌਤਮ ਗੰਭੀਰ ਲਈ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰਾਂਗੇ।’’

ਹੈਡਨ ਨੇ ਕਿਹਾ, ‘‘ਪਰ ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੀ ਭਾਸ਼ਾ ’ਚ ਥੋੜ੍ਹੀ ਨਰਮੀ ਵਰਤਣੀ ਚਾਹੀਦੀ ਸੀ। ਉਹ ਬਿਹਤਰ ਭਾਸ਼ਾ ਦਾ ਇਸਤੇਮਾਲ ਕਰ ਸਕਦਾ ਸੀ ਪਰ ਅਸਲੀਅਤ ਇਹ ਹੈ ਕਿ ਉਸਦੀ ਟੀਮ ਸਭ ਤੋਂ ਮਹੱਤਵਪੂਰਨ ਟੈਸਟ ਮੈਚ ਤੋਂ ਪਹਿਲਾਂ ਅਭਿਆਸ ਕਰਨਾ ਚਾਹੁੰਦੀ ਸੀ।’’

ਚੌਥੇ ਟੈਸਟ ਤੋਂ ਬਾਅਦ ਇੰਗਲੈਂਡ ਲੜੀ ਵਿਚ 2-1 ਨਾਲ ਅੱਗੇ ਚੱਲ ਰਿਹਾ ਸੀ ਤੇ ਭਾਰਤ ਨੂੰ 5 ਮੈਚਾਂ ਦੀ ਐਂਡਰਸਨ-ਤੇਂਦੁਲਕਰ ਟਰਾਫੀ ਨੂੰ ਡਰਾਅ ਰਵਾਉਣ ਲਈ ਜਿੱਤ ਦੀ ਲੋੜ ਸੀ। ਭਾਰਤ ਆਖਿਰ ਵਿਚ ਇਹ ਮੈਚ 6 ਦੌੜਾਂ ਨਾਲ ਜਿੱਤ ਕੇ ਲੜੀ ਬਰਾਬਰ ਕਰਨ ਵਿਚ ਸਫਲ ਰਿਹਾ ਸੀ। ਭਾਰਤ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਦੇ ਅਨੁਸਾਰ, ਇਹ ਬਹਿਸ ਤਦ ਸ਼ੁਰੂ ਹੋਈ ਜਦੋਂ ਫੋਰਟਿਸ ਨੇ ਭਾਰਤੀ ਕੋਚਿੰਗ ਸਟਾਫ ਨੂੰ ਮੁੱਖ ਪਿੱਚ ਤੋਂ 2.5 ਮੀਟਰ ਦੂਰ ਰਹਿਣ ਨੂੰ ਕਿਹਾ ਜਦਕਿ ਉਨ੍ਹਾਂ ਨੇ ਕਿੱਲ ਵਾਲੇ ਬੂਟ ਨਹੀਂ ਪਹਿਨੇ ਸਨ।


author

Tarsem Singh

Content Editor

Related News