FTX Crypto Chess Cup : ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਪ੍ਰਗਿਆਨੰਦਾ ਬਣੇ ਉਪਜੇਤੂ

Tuesday, Aug 23, 2022 - 12:33 PM (IST)

ਮਿਆਮੀ- ਭਾਰਤ ਦੇ ਯੁਵਾ ਗਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਥੇ ਐੱਫ. ਟੀ. ਐੱਕਸ. ਕ੍ਰਿਪਟੋ ਕੱਪ ਸ਼ਤਰੰਜ ਦੇ ਆਖ਼ਰੀ ਗੇੜ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ 4-2 ਨਾਲ ਹਰਾਇਆ। ਪ੍ਰਗਿਆਨੰਦਾ ਨੇ ਕਾਰਲਸਨ ਤੋਂ ਲਗਾਤਾਰ ਤਿੰਨ ਬਾਜ਼ੀਆਂ ਜਿੱਤੀਆਂ ਜਿਸ ਵਿਚ ਟਾਈ ਬ੍ਰੇਕ ਦੀਆਂ ਦੋ ਬਾਜ਼ੀਆਂ ਵੀ ਸ਼ਾਮਲ ਹਨ। ਕਾਰਲਸਨ ’ਤੇ ਜਿੱਤ ਦੇ ਬਾਵਜੂਦ ਭਾਰਤ ਦਾ ਇਹ 17 ਸਾਲਾ ਖਿਡਾਰੀ ਆਖ਼ਰੀ ਸੂਚੀ ਵਿਚ ਦੂਜੇ ਸਥਾਨ ’ਤੇ ਰਿਹਾ। 

ਨਾਰਵੇ ਦੇ ਕਾਰਲਸਨ ਨੇ ਸਭ ਤੋਂ ਵੱਧ ਅੰਕ ਹਾਸਲ ਕਰ ਕੇ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਕੁੱਲ 16 ਅੰਕ ਹਾਸਲ ਕੀਤੇ ਜਦਕਿ ਪ੍ਰਗਿਆਨੰਦਾ ਨੇ 15 ਅੰਕਾਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਇਕ ਹੋਰ ਨੌਜਵਾਨ ਖਿਡਾਰੀ ਅਲੀਰੇਜਾ ਫਿਰੋਜ਼ਾ ਦੇ ਵੀ 15 ਅੰਕ ਰਹੇ ਪਰ ਉਨ੍ਹਾਂ ਨੂੰ ਤੀਜਾ ਸਥਾਨ ਮਿਲਿਆ ਕਿਉਂਕਿ ਟੂਰਨਾਮੈਂਟ ਵਿਚ ਪਹਿਲਾਂ ਪ੍ਰਗਿਆਨੰਦਾ ਨੇ ਉਨ੍ਹਾਂ ਨੂੰ ਹਰਾਇਆ ਸੀ। ਕਾਰਲਸਨ ਤੇ ਪ੍ਰਗਿਆਨੰਦਾ ਵਿਚਾਲੇ ਪਹਿਲੀਆਂ ਦੋ ਬਾਜ਼ੀਆਂ ਡਰਾਅ ਰਹੀਆਂ। ਨਾਰਵੇ ਦੇ ਖਿਡਾਰੀ ਨੇ ਤੀਜੀ ਬਾਜ਼ੀ ਜਿੱਤੀ ਪਰ ਭਾਰਤੀ ਖਿਡਾਰੀ ਨੇ ਹਾਰ ਨਹੀਂ ਮੰਨੀ ਤੇ ਚੌਥੀ ਬਾਜ਼ੀ ਜਿੱਤ ਕੇ ਮੁਕਾਬਲੇ ਨੂੰ ਟਾਈ ਬਰੇਕ ਤਕ ਖਿੱਚ ਦਿੱਤਾ। 

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਪਾਏ ਗਏ ਕੋਵਿਡ-19 ਪਾਜ਼ੇਟਿਵ : ਰਿਪੋਰਟ

ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਟਾਈ ਬ੍ਰੇਕ ਵਿਚ ਦੋਵੇਂ ਬਾਜ਼ੀਆਂ ਜਿੱਤ ਕੇ ਕਾਰਲਸਨ ਨੂੰ ਹੈਰਾਨੀ ਵਿਚ ਪਾ ਦਿੱਤਾ। ਪ੍ਰਗਿਆਨੰਦਾ ਇਸ ਸਾਲ ਬਿਹਤਰੀਨ ਲੈਅ ਵਿਚ ਹਨ ਤੇ ਇਸ ਤੋਂ ਪਹਿਲਾਂ ਆਨਲਾਈਨ ਚੈਂਪੀਅਨਸ਼ਿਪਾਂ ਵਿਚ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਦੋ ਵਾਰ ਹਰਾ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਦਿਨੀਂ ਚੇਨਈ ਵਿਚ ਸਮਾਪਤ ਹੋਏ ਸ਼ਤਰੰਜ ਓਲੰਪਿਆਡ ਵਿਚ ਭਾਰਤ ਬੀ ਟੀਮ ਨੂੰ ਕਾਂਸੇ ਦਾ ਮੈਡਲ ਦਿਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਪ੍ਰਗਿਆਨੰਦਾ ਨੇ ਫਿਰੋਜ਼ਾ ’ਤੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਅਨੀਸ਼ ਗਿਰੀ ਤੇ ਲੇਵੋਨ ਆਰੋਨੀਅਨ ਨੂੰ ਵੀ ਹਰਾਇਆ ਸੀ। ਆਖ਼ਰੀ ਗੇੜ ਦੇ ਹੋਰ ਮੁਕਾਬਲਿਆਂ ਵਿਚ ਫਿਰੋਜ਼ਾ ਨੇ ਆਰੋਨੀਅਨ ਨੂੰ 2.5-1.5 ਨਾਲ, ਕਵਾਂਗ ਲੀਮ ਲੇ (ਚੀਨ) ਨੇ ਹੈਂਸ ਨੀਮਨ ਨੂੰ ਤੇ ਪੋਲੈਂਡ ਦੇ ਜਾਨ ਕ੍ਰਿਜਸਟੋਫ ਨੇ ਅਨੀਸ਼ ਗਿਰੀ ਨੂੰ 2.5-0.5 ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News