ਰਾਜੀਵ ਗਾਂਧੀ ਖੇਡ ਰਤਨ ਤੋਂ ਲੈ ਕੇ ‘ਪਦਮਸ਼੍ਰੀ’ ਤੱਕ ਪ੍ਰਾਪਤ ਕਰਨ ਵਾਲੀ ਸਾਇਨਾ ਨੇਹਵਾਲ, ਜਾਣੋ ਕਿਵੇਂ ਬਣੀ 'ਸਟਾਰ'
Wednesday, Mar 17, 2021 - 06:15 PM (IST)
ਨਵੀਂ ਦਿੱਲੀ: ਅੱਜ ਬੈਡਮਿੰਟਨ ਕੋਰਟ ’ਚ ਭਾਰਤ ਦੀ ਇਕਮਾਤਰ ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਦਾ ਜਨਮਦਿਨ ਹੈ। ਸਾਇਨਾ ਅੱਜ 31 ਸਾਲ ਦੀ ਹੋ ਗਈ। ਸਾਈਨਾ ਦਾ ਜਨਮ 1990 ’ਚ ਅੱਜ ਦੇ ਦਿਨ ਹਰਿਆਣਾ ਦੇ ਹਿਸਾਰ ’ਚ ਹੋਇਆ ਸੀ। ਬੈਡਮਿੰਟਨ ਦੇ ਖੇਡ ’ਚ ਸਾਇਨਾ ਨੇ ਕਈ ਉਪਲੱਬਧੀਆਂ ਆਪਣੇ ਨਾਂ ਕੀਤੀਆਂ ਹਨ। ਉਹ ਵਿਸ਼ਵ ਰੈਂਕਿੰਗ ’ਚ ਨੰਬਰ ਇਕ ਦਾ ਖਿਤਾਬ ਪਾਉਣ ਵਾਲੀ ਪਹਿਲੀ ਭਾਰਤੀ ਖਿਡਾਰਣ ਹੈ।
ਸਾਇਨਾ ਨੇ ਲੰਡਨ ’ਚ ਜਿੱਤਿਆ ਕਾਂਸੀ ਤਗਮਾ
ਸਾਇਨਾ ਨੂੰ ਉਨ੍ਹਾਂ ਦੇ ਖੇਡ ਦੇ ਖੇਤਰ ’ਚ ਕੀਤੇ ਗਏ ਉੱਤਮ ਯੋਗਦਾਨ ਲਈ ਪਦਮਸ਼੍ਰੀ, ਪਦਮ ਭੂਸ਼ਣ ਤੋਂ ਲੈ ਕੇ ਰਾਜੀਵ ਗਾਂਧੀ ਖੇਡ ਰਤਨ ਨਾਲ ਨਵਾਜਿਆ ਜਾ ਚੁੱਕਾ ਹੈ। ਸਾਇਨਾ ਨੇ ਬੈਡਮਿੰਟਨ ਕੋਰਟ ’ਚ 24 ਕੌਮਾਂਤਰੀ ਟਾਈਟਲਸ ਆਪਣੇ ਨਾਂ ਕੀਤੇ ਹਨ। ਸਾਇਨਾ ਨੇਹਵਾਲ ਨੇ ਸਾਲ 2012 ’ਚ ਲੰਡਨ ’ਚ ਖੇਡੇ ਗਏ ਓਲੰਪਿਕ ’ਚ ਕਾਂਸੀ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਓਲੰਪਿਕ ’ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ ਸੀ।
2018 ’ਚ ਪਾਰੂਪੱਲੀ ਨਾਲ ਵਿਆਹ ਦੇ ਬੰਧਨ ’ਚ ਬੱਝੀ ਸਾਇਨਾ
ਸਾਇਨਾ ਅਤੇ ਪਾਰੂਪੱਲੀ ਕਸ਼ਯਪ ਦੀ ਪਹਿਲੀ ਮੁਲਾਕਾਤ 2000 ’ਚ ਇਕ ਬੈਡਮਿੰਟਨ ਕੋਚਿੰਗ ਕੈਂਪ ’ਚ ਹੋਈ ਸੀ ਅਤੇ 2002 ਤੋਂ ਬਾਅਦ ਉਨ੍ਹਾਂ ਨੇ ਆਪਸ ’ਚ ਮਿਲਣਾ ਸ਼ੁਰੂ ਕਰ ਦਿੱਤਾ ਸੀ। ਇਥੋਂ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ। ਹਾਲਾਂਕਿ ਦੋਵਾਂ ਨੇ ਆਪਣੇ ਪਿਆਰ ਨੂੰ ਕਦੇ ਵੀ ਆਪਣੇ ਖੇਡ ’ਚ ਨਹੀਂ ਆਉਣ ਦਿੱਤਾ ਅਤੇ ਜਦੋਂ ਦੋਵੇਂ ਦੁਨੀਆ ਦੇ ਸਫ਼ਲ ਖਿਡਾਰੀ ਬਣੇ ਤਾਂ 14 ਦਸੰਬਰ 2018 ਨੂੰ ਸਾਇਨਾ ਅਤੇ ਪਾਰੂਪੱਲੀ ਵਿਆਹ ਦੇ ਬੰਧਨ ’ਚ ਬੱਝ ਗਏ।
ਸਾਇਨਾ ਨੇਹਵਾਲ ’ਤੇ ਬਣ ਰਹੀ ਹੈ ਫ਼ਿਲਮ
ਦੱਸ ਦੇਈਏ ਕਿ ਸਾਇਨਾ ਨੇਹਵਾਲ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ਬਣਾਈ ਜਾ ਰਹੀ ਹੈ। ਜਿਸ ’ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਨੂੰ ਸਾਇਨਾ ਦਾ ਕਿਰਦਾਰ ਨਿਭਾਉਂਦੇ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸਾਇਨਾ ਨੇਹਵਾਲ ਦੀ ਬਾਇਓਪਿਕ ਦਾ ਨਾਂ ‘ਸਾਇਨਾ’ ਰੱਖਿਆ ਗਿਆ ਹੈ। ਹਾਲ ਹੀ ’ਚ ਕੌਮਾਂਤਰੀ ਮਹਿਲਾ ਦਿਵਸ ਦੇ ਖ਼ਾਸ ਮੌਕੇ ’ਤੇ ਮੁੰਬਈ ’ਚ ਇਸ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਜਾ ਚੁੱਕਾ ਹੈ। ਫ਼ਿਲਮ ‘ਸਾਇਨਾ’ ਦੇਸ਼ ਭਰ ਦੇ ਸਿਨੇਮਾਘਰਾਂ ’ਚ 26 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ।
ਰਾਜੀਵ ਗਾਂਧੀ ਖੇਡ ਰਤਨ ਤੋਂ ਲੈ ਕੇ ‘ਪਦਮਸ਼੍ਰੀ’ ਤੱਕ ਆਪਣੇ ਨਾਮ ਕਰਨ ਵਾਲੀ ਸਾਇਨਾ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।