ਕ੍ਰਿਕਟ : ਰੋਜ਼ੀ-ਰੋਟੀ ਲਈ ਮਨਰੇਗਾ ’ਚ ਮਜ਼ਦੂਰੀ ਕਰ ਰਿਹੈ ਸਾਬਕਾ ਭਾਰਤੀ ਕਪਤਾਨ, ਤੋੜ ਰਿਹੈ ਪੱਥਰ

07/27/2020 4:01:20 PM

ਸਪੋਰਟਸ ਡੈਸਕ– ਕੋਰੋਨਾ ਵਾਇਰਸ ਕਾਰਨ ਆਮ ਜਨਤਾ ਸਮੇਤ ਖਿਡਾਰੀਆਂ ’ਤੇ ਵੀ ਡੁੰਘਾ ਅਸਰ ਪਿਆ ਹੈ। ਰਜਿੰਦਰ ਸਿੰਘ ਧਾਮੀ ਵੀ ਇਨ੍ਹਾਂ ’ਚੋਂ ਇਕ ਹੈ ਜਿਸ ਨੂੰ ਤਾਲਾਬੰਦੀ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣਾ ਘਰ ਚਲਾਉਣ ਲਈ ਹੁਣ ਮਨਰੇਗਾ ’ਚ ਮਜ਼ਦੂਰੀ ਕਰ ਰਿਹਾ ਹੈ। ਰਜਿੰਦਰ ਸਿੰਘ ਧਾਮੀ ਭਾਰਤੀ ਦਿਵਿਆਂਗ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕਾ ਹੈ। ਧਾਮੀ ਨੇ 2017 ’ਚ ਭਾਰਤ-ਨੇਪਾਲ-ਬੰਗਲਾਦੇਸ਼ ਤ੍ਰਿਕੌਣੀ ਵ੍ਹੀਲਚੇਅਰ ਕ੍ਰਿਕਟ ਸੀਰੀਜ਼ ’ਚ ਭਾਰਤ ਦੀ ਅਗਵਾਹੀ ਕੀਤੀ ਸੀ। 

PunjabKesari

ਬੀ.ਐਡ. ਅਤੇ ਹਿਸਟਰੀ ’ਚ ਮਾਸਟਰ ਡਿਗਰੀ ਕਰ ਚੁੱਕੇ ਧਾਮੀ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਤਾਲਾਬੰਦੀ ਤੋਂ ਪਹਿਲਾਂ ਮੈਂ ਰੁਦਰਪੁਰ (ਉੱਤਰਾਖੰਡ) ’ਚ ਕ੍ਰਿਕਟ ਖੇਡਣ ’ਚ ਰੁਚੀ ਰੱਖਣ ਵਾਲੇ ਵ੍ਹੀਲਚੇਅਰ ਨਾਲ ਚੱਲਣ ਵਾਲੇ ਬੱਚਿਆਂ ਨੂੰ ਕ੍ਰਿਕਟ ਦੀ ਕੋਚਿੰਗ ਦਿੰਦਾ ਸੀ। ਪਰ ਕੰਮ ਠੱਪ ਹੋਣ ਕਾਰਨ ਮੈਂ ਪਿਥੌਰਾਗੜ੍ਹ ’ਚ ਆਪਣੇ ਪਿੰਡ ਰਾਏਕੋਟ ਆ ਗਿਆ। ਇਥੇ ਮੇਰੇ ਮਾਤਾ-ਪਿਤਾ ਰਹਿੰਦੇ ਹਨ। ਧਾਮੀ ਦੇ ਘਰ ’ਚ ਬੁੱਢੇ ਮਾਤਾ-ਪਿਤਾ ਤੋਂ ਇਲਾਵਾ ਇਕ ਭੈਣ ਅਤੇ ਛੋਟਾ ਭਰਾ ਵੀ ਹੈ। 

PunjabKesari

ਧਾਮੀ ਨੇ ਦੱਸਿਆ ਕਿ ਉਸ ਦਾ ਭਰਾ ਗੁਜਰਾਤ ’ਚ ਇਕ ਹੋਟਲ ’ਚ ਕੰਮ ਕਰਦਾ ਸੀ ਪਰ ਤਾਲਾਬੰਦੀ ਕਾਰਨ ਉਸ ਦੀ ਵੀ ਨੌਕਰੀ ਚਲੀ ਗਈ। ਰੋਜ਼ੀ-ਰੋਟੀ ਕਮਾਉਣ ਲਈ ਇਸ ਮਿਹਨਤੀ ਇਨਸਾਨ ਨੇ ਮਨਰੇਗਾ ਯੋਜਨਾ ਤਹਿਤ ਆਪਣੇ ਪਿੰਡ ’ਚ ਹੀ ਕੰਮ ਕਰਨ ਦਾ ਫੈਸਲਾ ਕੀਤਾ। ਉੱਤਰਾਖੰਡ ਵ੍ਹੀਲਚੇਅਰ ਕ੍ਰਿਕਟ ਟੀਮ ਦੀ ਅਗਵਾਹੀ ਕਰਦੇ ਹੋਏ ਮਲੇਸ਼ੀਆ, ਬੰਗਲਾਦੇਸ਼ ਅਤੇ ਨੇਪਾਲ ਵਰਗੇ ਕਈ ਦੇਸ਼ਾਂ ਦਾ ਦੌਰਾ ਕਰ ਚੁੱਕੇ ਧਾਮੀ ਨੇ ਕਿਹਾ ਕਿ ਸਰਕਾਰ ਤੋਂ ਵੀ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। 

PunjabKesari

ਧਾਮੀ ਨੇ ਕਿਹਾ ਕਿ ਕੁਝ ਲੋਕ ਮੇਰੀ ਮਦਦ ਲਈ ਅੱਗੇ ਆਏ ਜਿਨ੍ਹਾਂ ’ਚ ਅਭਿਨੇਤਾ ਸੋਨੂੰ ਸੂਦ ਵੀ ਸ਼ਾਮਲ ਹਨ। ਉਸ ਨੇ ਦੱਸਿਆ ਕਿ ਸੋਨੂੰ ਸੂਦ ਨੇ ਉਨ੍ਹਾਂ ਨੂੰ 11 ਹਜ਼ਾਰ ਰੁਪਏ ਭੇਜੇ ਸਨ। ਰੁਦਰਪੁਰ ਅਤੇ ਪਿਥੌਰਾਗੜ੍ਹ ’ਚ ਵੀ ਕੁਝ ਲੋਕਾਂ ਨੇ ਮਦਦ ਕੀਤੀ ਪਰ ਇਹ ਕਾਫੀ ਨਹੀਂ ਸੀ। ਧਾਮੀ ਨੇ ਕਿਹਾ ਕਿ ਜੀਊਣ ਲਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ’ਚ ਕੋਈ ਸ਼ਰਮ ਨਹੀਂ ਹੈ। ਉਸ ਨੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਹੈ ਪਰ ਇਹ ਵੀ ਜਲਦੀ ਹੀ ਲੰਘ ਜਾਵੇਗਾ। 

PunjabKesari


Rakesh

Content Editor

Related News