ਭਾਰਤ ਦੇ ਸਾਬਕਾ ਧਾਕੜ ਫੁੱਟਬਾਲਰ ਸੁਭਾਸ਼ ਭੌਮਿਕ ਦਾ ਦਿਹਾਂਤ, ਏਸ਼ੀਅਨਸ ਗੇਮਸ 'ਚ ਦਿਵਾਇਆ ਸੀ ਕਾਂਸੀ ਤਮਗ਼ਾ

Saturday, Jan 22, 2022 - 02:25 PM (IST)

ਭਾਰਤ ਦੇ ਸਾਬਕਾ ਧਾਕੜ ਫੁੱਟਬਾਲਰ ਸੁਭਾਸ਼ ਭੌਮਿਕ ਦਾ ਦਿਹਾਂਤ, ਏਸ਼ੀਅਨਸ ਗੇਮਸ 'ਚ ਦਿਵਾਇਆ ਸੀ ਕਾਂਸੀ ਤਮਗ਼ਾ

ਕੋਲਕਾਤਾ- ਭਾਰਤ ਦੇ ਸਾਬਕਾ ਧਾਕੜ ਫੁੱਟਬਾਲਰ ਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਬੀ ਬੀਮਾਰੀ ਦੇ ਬਾਅਦ ਸ਼ਨੀਵਾਰ ਨੂੰ ਸ਼ਹਿਰ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਸਾਬਕਾ ਭਾਰਤੀ ਮਿਡਫੀਲਡਰ ਭੌਮਿਕ 1970 'ਚ ਏਸ਼ੀਆਈ ਖੇਡਾਂ 'ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬੀਮਾਰੀ ਤੇ ਸ਼ੂਗਰ ਨਾਲ ਪੀੜਤ ਸਨ ਤੇ ਉਨ੍ਹਾਂ ਨੇ ਸਵੇਰੇ ਤਿੰਨ ਵਜ ਕੇ 30 ਮਿੰਟ 'ਤੇ ਆਖ਼ਰੀ ਸਾਹ ਲਿਆ।

ਇਹ ਵੀ ਪੜ੍ਹੋ : ਪੰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਧੂਆਂਧਾਰ ਪਾਰੀ ਖੇਡ ਰਚਿਆ ਇਤਿਹਾਸ, ਤੋੜੇ ਦ੍ਰਾਵਿੜ ਤੇ ਧੋਨੀ ਦੇ ਰਿਕਾਰਡ

ਭੌਮਿਕ ਨੇ ਸੰਨਿਆਸ ਲੈਣ ਦੇ ਬਾਅਦ ਕੋਚਿੰਗ 'ਚ ਆਪਣਾ ਕਰੀਅਰ ਅੱਗੇ ਵਧਾਇਆ। ਉਹ ਪਹਿਲਾਂ ਮੋਹਨ ਬਾਗਾਨ ਦੇ ਨਾਲ ਕੋਚ ਦੇ ਤੌਰ 'ਤੇ ਜੁੜੇ ਤੇ ਫਿਰ ਈਸਟ ਬੰਗਾਲ ਦੇ ਸਭ ਤੋਂ ਸਫਲ ਕੋਚ ਬਣੇ। ਉਨ੍ਹਾ ਦੇ ਕੋਚ ਰਹਿੰਦੇ ਹੋਏ ਈਸਟ ਬੰਗਾਲ ਨੇ 2003 'ਚ ਆਸੀਆਨ ਕੱਪ ਦਾ ਖ਼ਿਤਾਬ ਜਿੱਤਿਆ ਸੀ। ਭੌਮਿਕ ਦੇ ਮਾਰਗਦਰਸ਼ਨ 'ਚ ਈਸਟ ਬੰਗਾਲ ਨੇ ਰਾਸ਼ਟਰੀ ਖਿਤਾਬ ਵੀ ਜਿੱਤੇ।

ਇਸ ਤੋਂ ਬਾਅਦ ਉਹ ਜਦੋਂ ਤਕਨੀਕੀ ਨਿਰਦੇਸ਼ਕ ਦੇ ਤੌਰ 'ਤੇ ਚਰਚਿਲ ਬ੍ਰਦਰਸ ਨਾਲ ਜੁੜੇ ਤਾਂ ਉਨ੍ਹਾਂ ਨੇ ਇਹੋ ਸਫਲਤਾ ਇਸ ਟੀਮ ਦੇ ਨਾਲ ਵੀ ਦੋਹਰਾਈ। ਉਨ੍ਹਾਂ ਨੂੰ ਕੋਲਕਾਤਾ ਦੇ ਮੈਦਾਨ ਦਾ 'ਜੋਸ ਮਾਰਿਨਹੋ' ਕਿਹਾ ਜਾਂਦਾ ਹੈ। ਭੌਮਿਕ ਨੇ 19 ਸਾਲ ਦੀ ਉਮਰ 'ਚ ਰਾਜਸਥਾਨ ਕਲੱਬ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਰਾਈਟ ਵਿੰਗਰ ਨੇ 'ਡ੍ਰਿਬਲਿੰਗ' ਦੇ ਆਪਣੇ ਕੌਸ਼ਲ ਕਾਰਨ ਇਕ ਦਹਾਕੇ ਤਕ ਰਾਸ਼ਟਰੀ ਫੁੱਟਾਬਲ 'ਚ ਆਪਣਾ ਦਬਦਬਾ ਬਣਾਈ ਰਖਿਆ। 

ਇਹ ਵੀ ਪੜ੍ਹੋ : IPL 2022 'ਚ ਇਸ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਹਾਰਦਿਕ ਪੰਡਯਾ, ਛੇਤੀ ਹੋ ਸਕਦੈ ਐਲਾਨ

ਭਾਰਤ ਵਲੋਂ ਖੇਡਦੇ ਹੋਏ ਵੀ ਉਨ੍ਹਾਂ ਕੁਝ ਵਿਸ਼ੇਸ਼ ਉਪਲੱਬਧੀਆਂ ਹਾਸਲ ਕੀਤੀਆ। ਉਹ ਏਸ਼ੀਆਈ ਖੇਡ 1970 'ਚ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ ਏਸ਼ੀਆਈ ਖੇਡ 1974 'ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ 1971 'ਚ ਮਰਡੇਕਾ ਕੱਪ 'ਚ ਫਿਲੀਪੀਨਸ ਖਿਲਾਫ ਹੈਟ੍ਰਿਕ ਬਣਾਈ ਸੀ। ਉਨ੍ਹਾਂ ਦਾ ਕਰੀਅਰ ਵਿਵਾਦਾਂ ਨਾਲ ਵੀ ਘਿਰਿਆ ਰਿਹਾ ਕਿਉਂਕਿ 2005 'ਚ ਰਿਸ਼ਵਤ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News