ਇੰਗਲੈਂਡ ਦਾ ਸਾਬਕਾ ਕ੍ਰਿਕਟਰ ਬਣਿਆ ਬਾਡੀ ਬਿਲਡਰ
Wednesday, Sep 04, 2019 - 03:30 AM (IST)

ਜਲੰਧਰ - ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਕ੍ਰਿਸ ਟੇਮਲੇਟ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਬਾਡੀ ਬਿਲਡਿੰਗ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇੰਗਲੈਂਡ ਵਲੋਂ 12 ਟੈਸਟ ਅਤੇ 15 ਵਨ ਡੇ ਮੈਚ ਖੇਡਣ ਵਾਲਾ ਕ੍ਰਿਸ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਕਾਫੀ ਸਫਲ ਰਿਹਾ ਹੈ। 38 ਸਾਲਾ ਕ੍ਰਿਸ ਕੁਝ ਸਾਲਾਂ ਤੋਂ ਜਿਮ ਵਿਚ ਜਾ ਕੇ ਰੋਜ਼ਾਨਾ ਸਖਤ ਮਿਹਨਤ ਕਰ ਰਿਹਾ ਹੈ। ਉਸ ਨੇ ਆਪਣੀ ਬਾਡੀ ਨੂੰ ਨਵਾਂ ਆਕਾਰ ਦੇ ਦਿੱਤਾ ਹੈ। ਇੰਸਟਾਗ੍ਰਾਮ ’ਤੇ ਉਸਦੀ ਇਕ ਵੀਡੀਓ ਹੋਰ ਵੀ ਫੇਮਸ ਹੈ, ਜਿਸ ਵਿਚ ਉਹ 120 ਕਿ. ਗ੍ਰਾ. ਦੀ ਬੈਂਚ ਪ੍ਰੈੱਸ ਲਾਉਂਦੇ ਹੋਏ ਦਿਸਦਾ ਹੈ।
ਸਭ ਤੋਂ ਖਾਸ ਗੱਲ ਇਹ ਵੀ ਹੈ ਕਿ ਜਿਮ ਵਿਚ ਕਿ੍ਰਸ ਦੇ ਨਾਲ ਉਸਦੀ ਪਤਨੀ ਵੀ ਕਸਰਤ ਕਰਦੀ ਹੈ। ਬੀਤੇ ਮਹੀਨੇ ਉਸ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦੀ ਜਿਮ ਵਿਚ ਕਸਰਤ ਕਰਦੀ ਦੀ ਫੋਟੋ ਵੀ ਸ਼ੇਅਰ ਕੀਤੀ ਸੀ। 6 ਫੁੱਟ 7 ਇੰਚ ਲੰਬਾ ਕ੍ਰਿਸ ਕ੍ਰਿਕਟ ਜਗਤ ਦੇ ਸਭ ਤੋਂ ਲੰਬੇ ਕ੍ਰਿਕਟਰਾਂ ਵਿਚੋਂ ਇਕ ਹੈ। 2013 ਦੀ ਏਸ਼ੇਜ਼ ਸੀਰੀਜ਼ ਦੌਰਾਨ ਉਹ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ਵਿਚ ਆਇਆ ਸੀ।
2015 ਵਿਚ ਅੱਡੀ ਵਿਚ ਸੱਟ ਕਾਰਣ ਉਸ ਨੂੰ ਕ੍ਰਿਕਟ ਨੂੰ ਛੱਡਣਾ ਪਈ ਸੀ ਪਰ ਇਸ ਤੋਂ ਬਾਅਦ ਉਸ ਨੇ ਜਿਮ ਦੀ ਮਦਦ ਨਾਲ ਆਪਣਾ ਖੋਹਿਆ ਵਿਸ਼ਵਾਸ ਹਾਸਲ ਕੀਤਾ। 2 ਸਾਲ ਪਹਿਲਾਂ ਜਦੋਂ ਕ੍ਰਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਬਦਲੀ ਹੋਈ ਬਾਡੀ ਦੀਆਂ ਫੋਟੋਆਂ ਪੋਸਟ ਕੀਤੀਆਂ ਸਨ ਤਾਂ ਇਹ ਚਰਚਾ ਵਿਚ ਰਹੀਆਂ ਸਨ। ਉਹ ਅਜੇ ਵੀ ਆਪਣਾ ਜਿਮ ਦਾ ਸ਼ੌਕ ਪੂਰਾ ਕਰ ਰਿਹਾ ਹੈ। ਉਸਦੀ ਬਾਡੀ ਹੁਣ ਚੰਗਾ ਆਕਾਰ ਲੈ ਚੁੱਕੀ ਹੈ।