ਟੈਸਟ ਮੈਚ ਰੱਦ ਹੋਣ ''ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ ''ਚ ਆਉਣਾ ਨਿਰਾਸ਼ਾਜਨਕ
Friday, Sep 10, 2021 - 08:29 PM (IST)
ਨਵੀਂ ਦਿੱਲੀ- ਭਾਰਤੀ ਟੀਮ ਵਿਚ ‘ਕੋਵਿਡ-19’ ਇਨਫੈਕਸ਼ਨ ਦੇ ਮਾਮਲੇ ਕਾਰਨ ਇੰਗਲੈਂਡ ਵਿਰੁੱਧ ਮੈਨਚੇਸਟਰ 'ਚ ਖੇਡੇ ਜਾਣ ਵਾਲੀ ਸੀਰੀਜ਼ ਦੇ 5ਵੇਂ ਅਤੇ ਆਖਰੀ ਟੈਸਟ ਮੈਚ ਦੇ ਰੱਦ ਹੋਣ ਨੂੰ ਸਾਬਕਾ ਕ੍ਰਿਕਟਰਾਂ ਨੇ ਨਿਰਾਸ਼ਾਜਨਕ ਕਰਾਰ ਦਿੱਤਾ। ਇਸ ’ਚੋਂ ਕਈ ਖਿਡਾਰੀਆਂ ਨੇ ਹਾਲਾਂਕਿ ਭਾਰਤ 'ਤੇ ਉਂਗਲੀ ਚੁੱਕਣ ਤੋਂ ਇਨਕਾਰ ਕਰ ਦਿੱਤਾ, ਜੋ ਸੀਰੀਜ਼ 'ਚ 2-1 ਨਾਲ ਅੱਗੇ ਚੱਲ ਰਿਹਾ ਹੈ। ਉਨ੍ਹਾਂ ਖਿਡਾਰੀਆਂ ਨੇ ਯਾਦ ਦਿਵਾਇਆ ਕਿ ਇੰਗਲੈਂਡ ਨੇ ਵੀ ਦੱਖਣੀ ਅਫਰੀਕਾ 'ਚ ਅਜਿਹਾ ਹੀ ਕੀਤਾ ਸੀ । ਆਸਟਰੇਲੀਆ ਦੇ ਦਿੱਗਜ ਸਪਿਨਰ ਸ਼ੇਨ ਵਾਰਨ ਨੇ ਇਸ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਟਵੀਟ ਕੀਤਾ,‘‘ਇਹ ਬਹੁਤ ਵੱਡੀ ਨਿਰਾਸ਼ਾ ਹੈ, ਇਹ ਸ਼ਾਨਦਾਰ ਸੀਰੀਜ਼ ਰਹੀ। ਇੰਗਲੈਂਡ ਦੇ ਸਾਬਕਾ ਦਿੱਗਜ ਬੱਲੇਬਾਜ਼ ਕੇਵਿਨ ਪੀਟਰਸਨ ਨੇ ਕਿਹਾ ਕਿ ਇੰਗਲੈਂਡ ਨੇ ਕੋਵਿਡ-19 ਦੇ ਡਰ ਕਾਰਨ ਦੱਖਣੀ ਅਫਰੀਕਾ ਦਾ ਦੌਰਾ ਛੱਡ ਦਿੱਤਾ ਸੀ, ਜਿਸ ਨਾਲ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਦੀ ਵਿੱਤੀ ਹਾਲਤ ਪ੍ਰਭਾਵਿਤ ਹੋਈ ਸੀ। ਅਜਿਹੇ ਵਿਚ ਭਾਰਤ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ ਹੈ। ਇੰਗਲੈਂਡ ਦੇ ਕਪਤਾਨ ਮਾਈਕਲ ਵਾਨ ਨੇ ਲਿਖਿਆ,‘‘ਭਾਰਤ ਨੇ ਇੰਗਲੈਂਡ ਕ੍ਰਿਕਟ ਦੀ ਮਾਣ ਨੂੰ ਠੇਸ ਪਹੁੰਚਾਈ ਹੈ ਪਰ ਇੰਗਲੈਂਡ ਨੇ ਵੀ ਦੱਖਣੀ ਅਫਰੀਕਾ ਕ੍ਰਿਕਟ ਨਾਲ ਅਜਿਹਾ ਹੀ ਕੀਤਾ ਸੀ।
ਇੰਗਲੈਂਡ ਦੇ ਇਕ ਹੋਰ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ਜੈਵ-ਸੁਰੱਖਿਅਤ ਮਾਹੌਲ ਤੇ ਇਸ ਸੀਰੀਜ਼ ਦੇ ਪ੍ਰਬੰਧ ਲਈ ਜੋ ਕੁੱਝ ਵੀ ਕੀਤਾ ਗਿਆ, ਉਸ ਨੂੰ ਵੇਖਦੇ ਹੋਏ ਇਸ ਦਾ ਇਸ ਤਰ੍ਹਾਂ ਖਤਮ ਹੋਣਾ ਨਿਰਾਸ਼ਾਜਨਕ ਹੈ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਮਾਰਕ ਬੁਚਰ ਨੇ ਕਿਹਾ ਕਿ 19 ਸਤੰਬਰ ਨੂੰ ਯੂ. ਏ. ਈ. ਵਿਚ ਇੰਡੀਅਨ ਪ੍ਰੀਮੀਅਰ ਲੀਗ ਦਾ ਫਿਰ ਸ਼ੁਰੂ ਹੋਣਾ ਟੈਸਟ ਰੱਦ ਹੋਣ ਦਾ ਇਕ ਕਾਰਨ ਹੋ ਸਕਦਾ ਹੈ।
ਇਹ ਖ਼ਬਰ ਪੜ੍ਹੋ-ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਈ. ਪੀ. ਐੱਲ. ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਮੈਚ ਨੂੰ ਰੱਦ ਕਰਨ ਦੇ ਫੈਸਲੇ ਨੂੰ ਠੀਕ ਕਰਾਰ ਦਿੱਤਾ। ਆਰ. ਸੀ. ਬੀ. ਨੇ ਟਵੀਟ ਕੀਤਾ,‘‘ਇਸ ’ਚ ਸ਼ਾਮਲ ਸਾਰੇ ਲੋਕਾਂ ਦਾ ਸਿਹਤ ਅਤੇ ਸੁਰੱਖਿਆ ਬਹੁਤ ਜ਼ਰੂਰੀ ਹੈ ਅਤੇ ਠੀਕ ਫੈਸਲਾ ਕੀਤਾ ਗਿਆ ਹੈ। ਅਸੀਂ ਆਸ ਅਤੇ ਅਰਦਾਸ ਕਰਦੇ ਹਾਂ ਕਿ ਹਰ ਕੋਈ ਸੁਰੱਖਿਅਤ ਰਹੇ। ਇਕ ਹੋਰ ਆਈ. ਪੀ. ਐੱਲ. ਟੀਮ ਪੰਜਾਬ ਕਿੰਗਜ਼ ਨੇ ਇਸ ਕਦਮ ਨੂੰ ‘ਦੁਖਦ ਸਮਾਚਾਰ’ ਦੱਸਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।