ਖੋ-ਖੋ ਵਿਸ਼ਵ ਕੱਪ ’ਚ ਹਿੱਸਾ ਲੈਣ ਵਾਲੀਆਂ ਵਿਦੇਸ਼ੀ ਟੀਮਾਂ 10 ਤੇ 11 ਜਨਵਰੀ ਨੂੰ ਨਵੀਂ ਦਿੱਲੀ ਪਹੁੰਚਣਗੀਆਂ
Thursday, Jan 09, 2025 - 05:02 PM (IST)
ਨਵੀਂ ਦਿੱਲੀ– ਖੋ-ਖੋ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਜ਼ਿਆਦਾਤਰ ਵਿਦੇਸ਼ੀ ਟੀਮਾਂ 10 ਤੇ 11 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ਪਹੁੰਚ ਜਾਣਗੀਆਂ। ਵਿਸ਼ਵ ਕੱਪ ਆਯੋਜਨ ਕਮੇਟੀ ਦੇ ਮੁਖੀ ਸੁਧਾਂਸ਼ੂ ਮਿੱਤਲ ਨੇ ਬੁੱਧਵਾਰ ਨੂੰ ਦੱਸਿਆ ਕਿ ਹਵਾਈ ਅੱਡੇ ’ਤੇ ਖੋ-ਖੋ ਫੈੱਡਰੇਸ਼ਨ ਆਫ ਇੰਡੀਆ ਦੇ ਅਹੁਦੇਦਾਰ ਤੇ ਟੂਰਨਾਮੈਂਟ ਦੇ ਅਧਿਕਾਰਤ ਸਪਾਂਸਰ ਜੀ. ਐੱਮ. ਆਰ. ਦੇ ਅਧਿਕਾਰੀ ਵਿਦੇਸ਼ੀ ਖਿਡਾਰੀਆਂ ਤੇ ਟੀਮ ਦੇ ਮੈਂਬਰਾਂ ਦਾ ਭਾਰਤੀ ਰਵਾਇਤ ਅਨੁਸਾਰ ਸਵਾਗਤ ਕਰਨਗੇ।
ਸੁਧਾਂਸ਼ੂ ਮਿੱਤਲ ਨੇ ਕਿਹਾ ਕਿ ਵਿਦੇਸ਼ੀ ਖਿਡਾਰੀਆਂ ਲਈ ਇਕ ਸਪੈਸ਼ਲ ਵੈੱਲਕਮ ਡੈਸਕ ਸਥਾਪਤ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸ਼ਾਨਦਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹੋਟਲ ਪਹੁੰਚਣ ’ਤੇ ਮਹਿਮਾਨ ਖਿਡਾਰੀਆਂ ਦਾ ਵਿਸ਼ਵ ਕੱਪ ਟਰਾਫੀ ਦੇ ਆਕਾਰ ਦੇ ਕੇਕ, ਭਾਰਤੀ ਤੇ ਵਿਦੇਸ਼ੀ ਧੁੰਨਾਂ ਦੇ ਨਾਲ ਸਵਾਗਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਖੋ-ਖੋ ਵਿਸ਼ਵ ਕੱਪ 13 ਤੋਂ 19 ਜਨਵਰੀ ਤੱਕ ਹੋ ਰਿਹਾ ਹੈ। ਭਾਰਤ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਤੇ ਸਾਰੇ ਮੁਕਾਬਲੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਖੇਡੇ ਜਾਣਗੇ। ਇਸ ਵਿਸ਼ਵ ਕੱਪ ਵਿਚ 6 ਮਹਾਦੀਪਾਂ ਦੇ 24 ਦੇਸ਼ ਹਿੱਸਾ ਲੈਣਗੇ।