ਹੁਣ ਏਸ਼ੀਆਈ ਖੇਡਾਂ ਰਾਹੀਂ ਪੈਰਿਸ ਓਲੰਪਿਕ ਲਈ ਖ਼ੁਦ ਹੀ ਕੁਆਲੀਫ਼ਾਈ ਕਰਨ ''ਤੇ ਫ਼ੋਕਸ : ਮਨਪ੍ਰੀਤ

09/06/2021 7:17:52 PM

ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕ ’ਚ ਮਿਲੇ ਇਤਿਹਾਸਕ ਕਾਂਸੇ ਦੇ ਤਮਗ਼ੇ ਦਾ ਜਸ਼ਨ ਹੁਣ ਬੰਦ ਕਰ ਕੇ ਅਗਲੇ ਸਾਲ ਦੀਆਂ ਏਸ਼ੀਆਈ ਖੇਡਾਂ ’ਚ ਸੋਨ ਤਮਗ਼ੇ ਨੂੰ ਜਿੱਤਣ ’ਤੇ ਫੋਕਸ ਕਰਨਾ ਹੋਵੇਗਾ ਤਾਂ ਜੋ ਪੈਰਿਸ ਓਲੰਪਿਕ ਲਈ ਸਿੱਧੀ ਕੁਆਲੀਫਿਕੇਸ਼ਨ ਮਿਲ ਸਕੇ।

ਟੋਕੀਓ ’ਚ 14 ਸਾਲ ਬਾਅਦ ਓਲੰਪਿਕ ਤਮਗ਼ਾ ਜਿੱਤ ਕੇ ਪਰਤੀ ਭਾਰਤੀ ਪੁਰਸ਼ ਹਾਕੀ ਟੀਮ ਦੀ ਲਗਾਤਾਰ ਸ਼ਲਾਘਾ ਹੋ ਰਹੀ ਹੈ। ਤੀਜੇ ਸਥਾਨ ਦੇ ਪਲੇਅ-ਆਫ ਮੁਕਾਬਲੇ ’ਚ ਜਰਮਨੀ ’ਤੇ 5-4 ਤੋਂ ਮਿਲੀ ਜਿੱਤ ਨੂੰ ਇਕ ਮਹੀਨਾ ਹੋ ਗਿਆ ਹੈ ਤੇ ਮਨਪ੍ਰੀਤ ਨੇ ਕਿਹਾ ਕਿ ਹੁਣ 2022 ਲਈ ਰਣਨੀਤੀ ਬਣਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ, ‘ਪਿਛਲੇ ਕੁਝ ਹਫ਼ਤਿਆਂ ’ਚ ਸਾਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਸਰੀਰ ਤੇ ਦਿਮਾਗ਼ ਨੂੰ ਆਰਾਮ ਦੇਣ ਦੀ ਜ਼ਰੂਰਤ ਹੈ। ਅਸੀਂ ਸਨਮਾਨ ਸਮਾਗਮਾਂ ਦਾ ਪੂਰਾ ਮਜ਼ਾ ਲਿਆ। ਅਸੀਂ ਇਸ ਪਿਆਰ ਤੇ ਸਨਮਾਨ ਲਈ ਧੰਨਵਾਦੀ ਹਾਂ ਤੇ ਹੁਣ 2022 ’ਚ ਬਿਹਤਰ ਪ੍ਰਦਰਸ਼ਨ ’ਤੇ ਵੀ ਧਿਆਨ ਦੇਣਾ ਹੈ।’

ਏਸ਼ੀਆਈ ਖੇਡਾਂ ਅਗਲੇ ਸਾਲ 10 ਤੋਂ 25 ਸਤੰਬਰ ਤਕ ਚੀਨ ’ਚ ਹੋਣਗੀਆਂ। ਭਾਰਤੀ ਟੀਮ ਦਾ ਟੀਚਾ ਇਸ ’ਚ ਗੋਲਡ ਮੈਡਲ ਲੈ ਕੇ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦਾ ਹੋਵੇਗਾ। ਮਨਪ੍ਰੀਤ ਨੇ ਕਿਹਾ, ‘ਪਿਛਲੀ ਵਾਰ ਅਸੀਂ ਖੁੰਝ ਗਏ ਸੀ ਤੇ ਅਸੀਂ ਕਾਂਸੇ ਦਾ ਮੈਡਲ ਜਿੱਤਿਆ। ਅਸੀਂ ਖ਼ੁਸ਼ਨਸੀਬ ਸੀ ਕਿ ਓਲੰਪਿਕ ਕੁਆਲੀਫਾਇੰਗ ਮੈਚ ਭਾਰਤ ’ਚ ਹੋਏ ਪਰ ਹਰ ਵਾਰ ਉਸ ’ਤੇ ਨਿਰਭਰ ਨਹੀਂ ਰਹਿ ਸਕਦੇ। ਸਾਨੂੰ ਏਸ਼ੀਆਈ ਖੇਡਾਂ ’ਚ ਜਿੱਤਣਾ ਹੋਵੇਗਾ ਤਾਂ ਜੋ ਪੈਰਿਸ ਓਲੰਪਿਕ 2024 ਦੀ ਤਿਆਰੀ ਲਈ ਪੂਰਾ ਸਮਾਂ ਮਿਲ ਸਕੇ।’

ਭਾਰਤੀ ਮਹਿਲਾ ਹਾਕੀ ਟੀਮ ਵੀ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ। ਮਨਪ੍ਰੀਤ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ ’ਚ ਖੇਡ ਦੀ ਲੋਕਪਿ੍ਰਯਤਾ ਵਧੇਗੀ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਭਾਰਤੀ ਹਾਕੀ ਲਈ ਨਵੀਂ ਸ਼ੁਰੂਆਤ ਹੈ। ਮਹਿਲਾ ਟੀਮ ਨੇ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਹਾਕੀ ਨੂੰ ਉਹ ਸਮਰਥਨ ਮਿਲਿਆ ਜੋ ਕਦੇ ਮਿਲਦਾ ਸੀ।’


Tarsem Singh

Content Editor

Related News