124 ਸਾਲਾਂ ’ਚ ਪਹਿਲੀ ਵਾਰ ਓਲੰਪਿਕ ’ਚ ਪੁਰਸ਼ ਤੇ ਮਹਿਲਾ ਐਥਲੀਟਾਂ ਦੀ ਗਿਣਤੀ ਬਰਾਬਰ
Wednesday, Jul 24, 2024 - 12:37 PM (IST)
ਸਪੋਰਟਸ ਡੈਸਕ : 1896 ’ਚੋਂ ਜਦੋਂ ਪਹਿਲੀ ਵਾਰ ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਇਸ ਵਿਚ ਮਹਿਲਾਵਾਂ ਨੂੰ ਹਿੱਸੇਦਾਰੀ ਦੇਣ ਦਾ ਵਿਚਾਰ ਕਿਸੇ ਦੇ ਮਨ ਵਿਚ ਨਹੀਂ ਆਇਆ ਸੀ। 4 ਸਾਲ ਬਾਅਦ ਹੀ 1900 ਪੈਰਿਸ ਓਲੰਪਿਕ ਤੋਂ ਹੀ ਨਵਾਂ ਇਤਿਹਾਸ ਬਣ ਗਿਆ ਜਦੋਂ ਓਲੰਪਿਕ ਖੇਡਾਂ ਵਿਚ ਮਹਿਲਾ ਐਥਲੀਟਾਂ ਦੀ ਐਂਟਰੀ ਹੋਈ। ਹੁਣ 124 ਸਾਲਾਂ ਬਾਅਦ ਇੱਥੇ ਪੈਰਿਸ ਓਲੰਪਿਕ ਮਹਿਲਾਵਾਂ ਦੀ ਗਿਣਤੀ ਨੂੰ ਲੈ ਕੇ ਇਤਿਹਾਸ ਬਣਾ ਰਿਹਾ ਹੈ। ਪੈਰਿਸ ਓਲੰਪਿਕ 2024 ਅਜਿਹੀਆਂ ਪਹਿਲੀਆਂ ਖੇਡਾਂ ਬਣ ਗਈਆਂ ਹਨ, ਜਿਨ੍ਹਾਂ ਵਿਚ ਪੁਰਸ਼ ਤੇ ਮਹਿਲਾ ਐਥਲੀਟਾਂ ਦੀ ਗਿਣਤੀ ਬਰਾਬਰ ਹੈ। ਇਸ ਬਰਾਬਰੀ ਤਕ ਪਹੁੰਚਣਾ ਮਹਿਲਾ ਐੈਥਲੀਟਾਂ ਲਈ ਇੰਨਾ ਵੀ ਸੌਖਾ ਨਹੀਂ ਰਿਹਾ ਹੈ।
1928 ਐਮਸਟਰਡਮ ਓਲੰਪਿਕ ਵਿਚ ਇਨ੍ਹਾਂ ਦੀ ਹਿੱਸੇਦਾਰੀ ’ਤੇ ਹੀ ਸਵਾਲ ਚੁੱਕ ਦਿੱਤੇ ਗਏ ਸਨ। ਮੰਨਿਆ ਗਿਆ ਸੀ ਕਿ ਸਰੀਰਕ ਕਮਜ਼ੋਰੀ ਕਾਰਨ ਮਹਿਲਾਵਾਂ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾਉਂਦੀਆਂ। ਇਸਦੇ ਲਈ ਲੰਬੀ ਦੂਰੀ ਦੀ ਦੌੜ ਤੇ ਐਥਲੈਟਿਕਸ ਪ੍ਰਤੀਯੋਗਿਤਾਵਾਂ ਵਿਚੋਂ ਮਹਿਲਾਵਾਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ। ਇਹ ਪਾਬੰਦੀ ਕਿਸੇ ਨਾ ਕਿਸੇ ਰੂਪ ਵਿਚ ਅੱਗੇ ਵਧਦੀ ਰਹੀ ਪਰ ਜਲਦ ਹੀ ਇਸ ਪਾਬੰਦੀ ਦਾ ਅੰਤ ਹੋ ਗਿਆ। 1984 ਦੀਆਂ ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਮਹਿਲਾ ਐਥਲੀਟਾਂ ਦੀ ਗਿਣਤੀ ਵਿਚ ਰਿਕਾਰਡ ਵਾਧਾ (23 ਫੀਸਦੀ) ਦੇਖਿਆ ਗਿਆ ਜਿਹੜਾ ਕਿ ਲਗਾਤਾਰ ਵਧਦਾ ਰਿਹਾ ।
ਲੰਡਨ 2012 ਨੂੰ ‘ਮਹਿਲਾ ਖੇਡਾਂ’ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ ਕਿਉਂਕਿ ਓਲੰਪਿਕ ਵਿਚ ਇਹ ਪਹਿਲੀ ਵਾਰ ਸੀ ਕਿ ਹਿੱਸਾ ਲੈਣ ਵਾਲੇ ਹਰੇਕ ਦੇਸ਼ ਦੀਆਂ ਟੀਮਾਂ ਵਿਚ ਮਹਿਲਾ ਐਥਲੀਟਾਂ ਸ਼ਾਮਲ ਸਨ। ਖੇਡਾਂ ਦਾ ਆਯੋਜਨ ਕਰਨ ਵਾਲੀ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਇਸ ‘ਮੀਲ ਦੇ ਪੱਥਰ’ ਨੂੰ ਓਲੰਪਿਕ ਖੇਡਾਂ ਵਿਚ ਮਹਿਲਾਵਾਂ ਦੇ ਇਤਿਹਾਸ ਵਿਚ ਤੇ ਸੰਪੂਰਨ ਰੂਪ ਨਾਲ ਖੇਡ ਵਿਚ ਸਭ ਤੋਂ ਮਹੱਤਵਪੂਰਨ ਪਲਾਂ ਵਿਚੋਂ ਇਕ ਦੱਸਿਆ।
ਕੋਡ
ਓਲੰਪਿਕ ਖੇਡਾਂ ਇਕ ਦੁਰਲੱਭ ਮੌਕਾ ਹੈ ਜਦੋਂ ਮਹਿਲਾ ਐਥਲੀਟਾਂ ਪੁਰਸ਼ ਐਥਲੀਟਾਂ ਦੀ ਤਰ੍ਹਾਂ ਹੀ ਸੁਰਖੀਆਂ ਬਟੋਰ ਸਕਦੀਆਂ ਹਨ। ਅਸੀਂ ਜਾਣਦੇ ਹਾਂ ਕਿ ਓਲੰਪਿਕ ਖੇਡਾਂ ਦੇ ਹਰੇਕ ਸੈਸ਼ਨ ਵਿਚ ਹਰ ਕੋਈ ਪ੍ਰਮੁੱਖ ਵਿਸ਼ਵ ਪੱਧਰੀ ਪ੍ਰਸਾਰਣ ਦੇਖਣਾ ਪਸੰਦ ਕਰਦਾ ਹੈ। ਅਸੀਂ ਅਜਿਹਾ ਪ੍ਰੋਗਰਾਮ ਬਣਾਇਆ ਹੈ, ਜਿਸ ਵਿਚ ਪ੍ਰਾਈਮ ਟਾਈਮ ਦੌਰਾਨ ਵੀ ਪੁਰਸ਼ ਤੇ ਮਹਿਲਾਵਾਂ ਦੀਆਂ ਬਰਾਬਰ ਪ੍ਰਤਿਯੋਗਿਤਾਵਾਂ ਹੋਣਗੀਆਂ।
15,000 ਐਥਲੀਟ ਪੈਰਿਸ ਵਿਚ ਮੁਕਾਬਲੇਬਾਜ਼ੀ ਕਰਨਗੇ। ਆਈ. ਓ. ਸੀ. ਨੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਬਰਾਬਰ ਕੋਟਾ ਦਿੱਤਾ ਹੈ।
329 ਤਮਗਾ ਪ੍ਰਤੀਯੋਗਿਤਾਵਾਂ ਹੋਣਗੀਆਂ ਪੈਰਿਸ ਵਿਚ : ਮਹਿਲਾਵਾਂ ਲਈ 152 ਤੇ ਪੁਰਸ਼ਾਂ ਲਈ 157 ਤੇ 20 ਮਿਕਸਡ ਜੈਂਡਰ।
ਇਸ ਤਰ੍ਹਾਂ ਵਧਦੀ ਗਈ ਮਹਿਲਾਵਾਂ ਦੀ ਹਿੱਸੇਦਾਰੀ
0% : 1896 ਐਥਲੰਸ
2.0% : 1912 ਸਟਾਕਹੋਮ
9.5% : 1932 ਲਾਸ ਏਂਜਲਸ
11.3% : 1956 ਮੈਲਬੋਰਨ
20.7% :1976 ਮਾਂਟ੍ਰੀਅਲ
28.9% :1992 ਬਾਰਸੀਲੋਨਾ
42.4% : 2008 ਬੀਜਿੰਗ
50% :2024 ਪੈਰਿਸ
ਓਲੰਪਿਕ ’ਚ ਮਹਿਲਾਵਾਂ ਲਈ
ਪੈਰਿਸ 1900 : ਪੈਰਿਸ ਵਿਚ 1900 ਦੀਆਂ ਓਲੰਪਿਕ ਮਹਿਲਾਵਾਂ ਨੂੰ ਸ਼ਾਮਲ ਕਰਨ ਵਾਲੀਆਂ ਪਹਿਲੀਆਂ ਖੇਡਾਂ ਸਨ। ਆਈ. ਓ. ਸੀ. ਦੇ ਅਨੁਸਾਰ, ਮੁਕਾਬਲੇਬਾਜ਼ੀ ਕਰਨ ਵਾਲੇ 997 ਐਥਲੀਟਾਂ ਵਿਚੋਂ 22 ਮਹਿਲਾਵਾਂ ਸਨ। ਤਦ ਟੈਨਿਸ ਤੇ ਗੋਲਫ ਵਿਚ ਹੀ ਮਹਿਲਾਵਾਂ ਪ੍ਰਤੀਯੋਗਿਤਾਵਾਂ ਕਰ ਸਕਦੀਆਂ ਸਨ। ਇਸ ਤੋਂ ਬਾਅਦ ਕਿਸ਼ਤੀ ਚਲਾਉਣਾ, ਕ੍ਰੋਕੇਟ ਤੇ ਘੋੜਸਵਾਰੀ ਵੀ ਸ਼ਾਮਲ ਕਰ ਦਿੱਤੀ ਗਈ। ਸਵਿਸ ਕਿਸ਼ਤੀ ਚਾਲਕ ਹੈਲੇਨ ਡੀ ਪੋਰਟਲਸ ਓਲੰਪਿਕ ਵਿਚ ਮੁਕਾਬਲੇਬਾਜ਼ੀ ਕਰਨ ਵਾਲੀ ਪਹਿਲੀ ਮਹਿਲਾ ਹੈ, ਜਿਸ ਨੇ ਓਲੰਪਿਕ ਸੋਨ ਤਮਗਾ ਵੀ ਜਿੱਤਿਆ। ਇਸ ਤੋਂ ਬਾਅਦ ਅੰਗਰੇਜ਼ ਟੈਨਿਸ ਖਿਡਾਰਨ ਚਾਰਲੈੱਟ ਕੂਪਰ ਨੇ ਨਿੱਜੀ ਤੇ ਮਿਕਸਡ ਡਬਲਜ਼ ਵਿਚ ਤਮਗੇ ਜਿੱਤੇ।
(ਹੈਲੇਨ ਡੀ ਪੋਰਟਲਸ : ਓਲੰਪਿਕ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ)
ਟੋਕੀਓ 1964 : ਸੋਵੀਅਤ ਜਿਮਨਾਸਟ ਲਾਰਿਸਾ ਲੈਟਿਨਿਨਾ ਓਲੰਪਿਕ ਇਤਿਹਾਸ ਦੀ ਸਭ ਤੋਂ ਸਫਲ ਮਹਿਲਾ ਐਥਲੀਟ ਹੈ। ਲਾਰਿਸਾ ਨੇ 3 ਖੇਡਾਂ ਵਿਚ ਹਿੱਸਾ ਲੈ ਕੇ 18 ਓਲੰਪਿਕ ਤਮਗੇ ਜਿੱਤੇ। 2012 ਵਿਚ ਅਮਰੀਕੀ ਤੈਰਾਕ ਮਾਈਕਲ ਫੇਲਪਸ ਨੇ ਉਸਦਾ ਰਿਕਾਰਡ ਤੋੜਿਆ ਪਰ ਲਾਰਿਸਾ ਅਜੇ ਵੀ ਮਹਿਲਾ ਵਰਗ ਵਿਚ ਸਭ ਤੋਂ ਅੱਗੇ ਹੈ।
(ਲਾਰਿਸਾ ਲੈਟਿਨਿਨਾ : ਓਲੰਪਿਕ ਦੀ ਸਭ ਤੋਂ ਸਫਲ ਮਹਿਲਾ ਐਥਲੀਟ)
1991 : ਇਕ ਨਵਾਂ ਨਿਯਮ ਪੇਸ਼ ਕੀਤਾ ਗਿਆ, ਜਿਸ ਵਿਚ ਓਲੰਪਿਕ ਮਾਨਤਾ ਪ੍ਰਾਪਤ ਕਰਨ ਲਈ ਅਪਲਾਈ ਕਰਨ ਵਾਲੀ ਕਿਸੇ ਵੀ ਖੇਡ ਵਿਚ ਮਹਿਲਾਵਾਂ ਦੀਆਂ ਪ੍ਰਤੀਯੋਗਿਤਾਵਾਂ ਸ਼ਾਮਲ ਹੋਣਾ ਜ਼ਰੂਰੀ ਕਰ ਦਿੱਤਾ ਗਿਆ।
ਏਥਨਜ਼ 2004 : ਅਫਗਾਨਿਸਤਾਨ ਦੀਆਂ ਮਹਿਲਾਵਾਂ ਨੇ ਇਤਿਹਾਸ ਵਿਚ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ।
ਲੰਡਨ 2012 : ਮਹਿਲਾ ਮੁੱਕੇਬਾਜ਼ੀ ਦੀ ਓਲੰਪਿਕ ਪ੍ਰੋਗਰਾਮ ਵਿਚ ਐਂਟਰੀ ਹੋਈ। ਸਾਊਦੀ ਅਰਬ, ਕਤਰ ਤੇ ਬਰੂਨੇਈ ਵਰਗੇ ਦੇਸ਼ਾਂ ਨੇ ਮਹਿਲਾ ਐਥਲੀਟਾਂ ਨੂੰ ਭੇਜਿਆ। ਇਹ ਪਹਿਲੀਆਂ ਅਜਿਹੀਆਂ ਓਲੰਪਿਕ ਸਨ, ਜਿਨ੍ਹਾਂ ਵਿਚ ਹਰੇਕ ਦੇਸ਼ ਤੋਂ ਘੱਟ ਤੋਂ ਘੱਟ ਇਕ ਮਹਿਲਾ ਮੁਕਾਬਲੇਬਾਜ਼ ਨੇ ਹਿੱਸਾ ਲਿਆ।
ਟੋਕੀਓ 2020 : ਆਈ. ਓ. ਸੀ. ਨੇ ਰਾਸ਼ਟਰਾਂ ਨੂੰ ਉਦਘਾਟਨੀ ਸਮਾਰੋਹ ਦੌਰਾਨ ਸਾਂਝੇ ਤੌਰ ’ਤੇ ਆਪਣਾ ਝੰਡਾ ਲਿਜਾਣ ਲਈ ਇਕ ਪੁਰਸ਼ ਤੇ ਇਕ ਮਹਿਲਾ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ। 91 ਫੀਸਦੀ ਦੇਸ਼ਾਂ ਨੇ ਅਜਿਹਾ ਕੀਤਾ।
ਪੈਰਿਸ 2024 : ਇਤਿਹਾਸ ਵਿਚ ਪਹਿਲੀ ਵਾਰ ਮਹਿਲਾਵਾਂ ਨੂੰ ਖੇਡਾਂ ਵਿਚ ਪੁਰਸ਼ਾਂ ਦੇ ਬਰਾਬਰ ਹੀ ਸਥਾਨ ਮਿਲੇਗਾ।
66 ਤਮਗੇ ਅਮਰੀਕੀ ਮਹਿਲਾ ਐਥਲੀਟਾਂ ਨੇ ਜਿੱਤੇ ਸਨ ਟੋਕੀਓ ਓਲੰਪਿਕ ’ਚ, ਇਹ ਅਮਰੀਕੀ ਤਮਗਾ ਦਲ ਦਾ 58.4 ਫੀਸਦੀ ਰਿਹਾ। ਜਿੱਤੇ ਗਏ 39 ਸੋਨ ਤਮਗਿਆਂ ਵਿਚੋਂ 23 ਮਹਿਲਾਵਾਂ ਨੇ ਹੀ ਜਿੱਤੇ।
ਮਹਿਲਾ ਦੀ ਤਰ੍ਹਾਂ ਦਿਸਦਾ ਪੈਰਿਸ 2024 ਦਾ ਲੋਗੋ
ਪੈਰਿਸ ਓਲੰਪਿਕ 2024 ਦਾ ਲੋਗੋ ਤਿੰਨ ਵੱਖ-ਵੱਖ ਪ੍ਰਤੀਕਾਂ ਨੂੰ ਜੋੜਦਾ ਹੈ-ਸੋਨ ਤਮਗਾ, ਲੌ ਤੇ ਮੈਰੀਏਨ (ਫਰਾਂਸੀਸੀ ਗਣਰਾਜ ਦਾ ਪ੍ਰਤੀਕ ਚਿੰਨ੍ਹ)। ਇਸ ਵਿਚ ਹਰੇਕ ਪ੍ਰਤੀਕ ਚਿੰਨ੍ਹ ਸਾਡੀ ਪਛਾਣ ਤੇ ਮੁੱਲਾਂ ਦਾ ਇਕ ਹਿੱਸਾ ਦਰਸਾਉਂਦਾ ਹੈ। ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਓਲੰਪਿਕ ਖੇਡਾਂ ਤੇ ਪੈਰਾਲੰਪਿਕ ਖੇਡਾਂ ਦੋਵਾਂ ਲਈ ਇਕ ਹੀ ਲੋਗੋ ਦਾ ਇਸਤੇਮਾਲ ਕੀਤਾ ਗਿਆ ਹੈ।