ਅੱਜ ਹੀ ਦੇ ਦਿਨ ਖੇਡਿਆ ਗਿਆ ਸੀ ਕ੍ਰਿਕਟ ਦਾ ਪਹਿਲਾ ਅਧਿਕਾਰਤ ਮੈਚ, ਇਨ੍ਹਾਂ ਦੇਸ਼ਾਂ ਵਿਚਾਲੇ ਹੋਇਆ ਸੀ ਮੁਕਾਬਲਾ

03/15/2023 5:26:47 PM

ਸਪੋਰਟਸ ਡੈਸਕ- ਵਰਤਮਾਨ ਸਮੇਂ 'ਚ ਕ੍ਰਿਕਟ ਦਾ ਖ਼ੁਮਾਰ ਸਾਰੀਆਂ ਦੁਨੀਆ 'ਚ ਵੇਖਣ ਨੂੰ ਮਿਲਦਾ ਹੈ। ਕ੍ਰਿਕਟ ਨੇ ਖੇਡ ਜਗਤ 'ਚ ਆਪਣਾ ਪਰਚਮ ਬੜੀ ਬੁਲੰਦੀ ਨਾਲ ਲਹਿਰਾਇਆ ਹੈ। ਪਰ ਕਿ ਤੁਸੀਂ ਜਾਣਦੇ ਹੋ ਕਿ ਕ੍ਰਿਕਟ ਦਾ ਸਭ ਤੋਂ ਪਹਿਲਾ ਅਧਿਕਾਰਤ ਮੈਚ ਅੱਜ ਭਾਵ 15 ਮਾਰਚ ਦੇ ਦਿਨ ਹੀ ਖੇਡਿਆ ਗਿਆ ਸੀ। ਇਹ ਮੈਚ ਟੈਸਟ ਫਾਰਮੈਟ 'ਚ ਖੇਡਿਆ ਗਿਆ ਸੀ। ਇਹ ਮੈਚ 15 ਮਾਰਚ 1877 ਨੂੰ ਖੇਡਿਆ ਗਿਆ ਸੀ। ਇਹ ਮੈਲਬੌਰਨ ਦੇ ਮੈਲਬੌਰਨ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਇਆ। ਉਸ ਸਮੇਂ ਦੌਰਾਨ ਆਲ ਇੰਗਲੈਂਡ ਬਨਾਮ ਨਿਊ ਸਾਊਥ ਵੇਲਜ਼-ਵਿਕਟੋਰੀਆ ਇਲੈਵਨ ਵਿਚਕਾਰ ਟੀਮ ਦੇ ਨਾਂ ਦਾ ਮੁਕਾਬਲਾ ਹੋਇਆ। ਇਸ ਮੈਚ ‘ਚ ਆਸਟ੍ਰੇਲੀਆ ਨੇ ਇੰਗਲੈਂਡ ਦੀ ਟੀਮ ਨੂੰ 45 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਸੀ।

ਪਹਿਲਾ ਟੈਸਟ ਮੈਚ ਵੀ ਬਹੁਤ ਦਿਲਚਸਪ ਮੈਚ ਸੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਪਹਿਲੀ ਪਾਰੀ ਵਿੱਚ 169.3 ਓਵਰਾਂ ਵਿੱਚ 245 ਦੌੜਾਂ ਬਣਾਈਆਂ ਸੀ। ਇਕੱਲੇ ਚਾਰਲਸ ਬੈਨਰਮੈਨ ਨੇ ਕੁੱਲ ਸਕੋਰ ਦਾ 67.3% ਸਕੋਰ ਕੀਤਾ। ਉਸ ਨੇ 18 ਚੌਕਿਆਂ ਦੀ ਮਦਦ ਨਾਲ ਕੁੱਲ 165 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਹ ਜ਼ਖਮੀ ਹੋ ਕੇ ਵਾਪਸ ਚਲਾ ਗਿਆ। ਹਾਲਾਂਕਿ ਦੂਜੀ ਪਾਰੀ ‘ਚ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਚਾਰਲਸ ਬੈਨਰਮੈਨ ਦੂਜੀ ਪਾਰੀ ਵਿੱਚ ਇੱਕ ਚੌਕੇ ਦੀ ਮਦਦ ਨਾਲ 10 ਗੇਂਦਾਂ ਵਿੱਚ 4 ਦੌੜਾਂ ਬਣਾ ਕੇ ਬੋਲਡ ਹੋ ਗਏ। ਆਸਟ੍ਰੇਲੀਆ ਦੀ ਦੂਜੀ ਪਾਰੀ 68 ਓਵਰਾਂ ‘ਚ 104 ਦੌੜਾਂ ‘ਤੇ ਆਲ ਆਊਟ ਹੋ ਗਈ।

ਇਹ ਵੀ ਪੜ੍ਹੋ : ਸਾਬਕਾ ਭਾਰਤੀ ਕ੍ਰਿਕਟਰ ਨੇ 60 ਕੰਪਨੀਆਂ ਨਾਲ ਕੀਤੀ ਕਰੋੜਾਂ ਦੀ ਠੱਗੀ, ਪੁਲਸ ਨੇ ਕੀਤਾ ਗ੍ਰਿਫਤਾਰ

ਇੰਗਲੈਂਡ ਦੀ ਟੀਮ ਪਹਿਲੇ ਟੈਸਟ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਪਹਿਲੀ ਪਾਰੀ ‘ਚ ਇੰਗਲੈਂਡ ਦੀ ਟੀਮ 136.1 ਓਵਰਾਂ ‘ਚ 196 ਦੌੜਾਂ ‘ਤੇ ਆਲ ਆਊਟ ਹੋ ਗਈ। ਹੈਰੀ ਜਾਪ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਉਸ ਨੇ 241 ਗੇਂਦਾਂ ਵਿੱਚ ਦੋ ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੈਰੀ ਚਾਰਲਵੁੱਡ ਨੇ 36 ਅਤੇ ਐਲਨ ਹਿੱਲ ਨੇ ਅਜੇਤੂ 35 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਇੰਗਲੈਂਡ ਦੀ ਬੱਲੇਬਾਜ਼ੀ ਖ਼ਰਾਬ ਹੋ ਗਈ। ਸਿਰਫ ਇੱਕ ਖਿਡਾਰੀ 35+ ਸਕੋਰ ਕਰਨ ਦੇ ਯੋਗ ਸੀ। ਵਿਕਟਕੀਪਰ ਜਾਨ ਸੇਲਬੀ ਨੇ 81 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।

ਆਸਟਰੇਲੀਆ ਦੇ ਟਾਮ ਕੈਂਡਲ ਨੇ ਪਹਿਲੇ ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ। ਪਹਿਲੀ ਪਾਰੀ ‘ਚ ਉਸ ਨੂੰ ਸਿਰਫ ਇਕ ਵਿਕਟ ਮਿਲੀ, ਜਦਕਿ ਦੂਜੀ ਪਾਰੀ ‘ਚ ਉਸ ਨੇ ਸਭ ਤੋਂ ਵੱਧ ਸੱਤ ਵਿਕਟਾਂ ਲਈਆਂ। ਬਿਲੀ ਮਿਡਵਿੰਟਰ ਨੇ ਪਹਿਲੀ ਪਾਰੀ ਵਿੱਚ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ, ਜਦਕਿ ਦੂਜੀ ਪਾਰੀ ਵਿੱਚ ਸਿਰਫ਼ ਇੱਕ ਵਿਕਟ ਲਈ। ਇਸ ਦੇ ਨਾਲ ਹੀ ਇੰਗਲੈਂਡ ਦੇ ਐਲਫ੍ਰੇਡ ਸ਼ਾਅ ਨੇ ਸਭ ਤੋਂ ਵੱਧ 8 ਵਿਕਟਾਂ ਲਈਆਂ। ਉਸ ਨੇ ਪਹਿਲੀ ਪਾਰੀ ਵਿੱਚ ਤਿੰਨ ਅਤੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News