ਐੱਫ. ਆਈ. ਐੱਚ. ਪ੍ਰੋ ਲੀਗ ਭਾਰਤ ਸਾਹਮਣੇ ਬੈਲਜੀਅਮ ਦੀ ਸਖਤ ਚੁਣੌਤੀ
Saturday, Feb 08, 2020 - 10:49 AM (IST)

ਸਪੋਰਟਸ ਡੈਸਕ— ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਤਮ-ਵਿਸ਼ਵਾਸ ਵਧਣ ਦੇ ਬਾਵਜੂਦ ਭਾਰਤ ਨੂੰ ਸ਼ਨੀਵਾਰ ਇਥੇ ਵਿਸ਼ਵ ਚੈਂਪੀਅਨ ਬੈਲਜੀਅਮ ਖਿਲਾਫ ਮੁਕਾਬਲੇ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਟੂਰਨਾਮੈਂਟ ਦੇ ਪਹਿਲੇ ਸੈਸ਼ਨ 'ਚੋਂ ਬਾਹਰ ਰਹਿਣ ਤੋਂ ਬਾਅਦ ਭਾਰਤ ਨੇ ਲੀਗ 'ਚ ਸ਼ਾਨਦਾਰ ਡੈਬਿਊ ਕਰ ਕੇ ਨੀਦਰਲੈਂਡ ਵਿਰੁੱਧ ਮੈਚ 'ਚ 5 ਅੰਕ ਹਾਸਲ ਕੀਤੇ ਹਨ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਨੇ ਪਹਿਲੇ ਮੈਚ 'ਚ 5-2 ਨਾਲ ਅਤੇ ਦੂਜੇ ਮੈਚ 'ਚ ਸ਼ੂਟਆਊਟ 'ਚ 3-1 ਨਾਲ ਜਿੱਤ ਦਰਜ ਕੀਤੀ। ਉਸ ਤੋਂ ਬਾਅਦ ਭਾਰਤ ਦਾ ਕੋਈ ਮੈਚ ਨਹੀਂ ਸੀ, ਲਿਹਾਜ਼ਾ ਟੀਮ ਪੰਜਵੇਂ ਨੰਬਰ 'ਤੇ ਹੈ। ਬੈਲਜੀਅਮ 4 ਮੈਚਾਂ 'ਚੋਂ 11 ਅੰਕ ਲੈ ਕੇ ਚੋਟੀ 'ਤੇ ਹੈ, ਜਦਕਿ ਨੀਦਰਲੈਂਡ ਦੂਜੇ ਸਥਾਨ 'ਤੇ ਹੈ। ਆਸਟਰੇਲੀਆ ਤੀਜੇ, ਜਰਮਨੀ ਚੌਥੇ ਅਤੇ ਭਾਰਤ 5ਵੇਂ ਨੰਬਰ 'ਤੇ ਹੈ।
ਬੈਲਜੀਅਮ ਨੇ ਕਲਿੰਗਾ ਸਟੇਡੀਅਮ 'ਤੇ ਹੀ 2018 'ਚ ਵਿਸ਼ਵ ਕੱਪ ਜਿੱਤਿਆ ਸੀ। ਹਾਲ ਹੀ 'ਚ ਵਿਸ਼ਵ ਰੈਂਕਿੰਗ ਵਿਚ ਆਸਟਰੇਲੀਆ ਨੂੰ ਪਛਾੜ ਕੇ ਨੰਬਰ ਇਕ 'ਤੇ ਪਹੁੰਚੀ ਬੈਲਜੀਅਮ ਟੀਮ ਦੇ ਹੌਸਲੇ ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਬੁਲੰਦ ਹਨ। ਬੈਲਜੀਅਮ ਤੋਂ ਬਾਅਦ ਭਾਰਤ ਨੂੰ 21 ਤੇ 22 ਫਰਵਰੀ ਨੂੰ ਆਸਟਰੇਲੀਆ ਨਾਲ ਖੇਡਣਾ ਹੈ। ਇਸ ਤੋਂ ਬਾਅਦ ਜਰਮਨੀ 'ਚ 25 ਤੇ 26 ਅਪ੍ਰੈਲ ਨੂੰ , ਬ੍ਰਿਟੇਨ ਵਿਰੁੱਧ 2 ਤੇ 3 ਮਈ ਨੂੰ, ਅਰਜਨਟੀਨਾ ਵਿਰੁੱਧ 5 ਤੇ 6 ਜੂਨ ਨੂੰ ਤੇ ਸਪੇਨ ਵਿਰੁੱਧ 13 ਤੇ 14 ਜੂਨ ਨੂੰ ਖੇਡਣਾ ਹੈ।