ਐੱਫ. ਆਈ. ਐੱਚ. ਪ੍ਰੋ ਲੀਗ : ਸ਼ੂਟਆਊਟ ’ਚ ਜਰਮਨੀ ਹੱਥੋਂ 1-2 ਨਾਲ ਹਾਰੀ ਭਾਰਤੀ ਮਹਿਲਾ ਹਾਕੀ ਟੀਮ
Sunday, Mar 13, 2022 - 11:21 AM (IST)
ਭੁਵਨੇਸ਼ਵਰ, (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ਨੀਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੂਜੇ ਗੇੜ ਦੇ ਮੁਕਾਬਲੇ ਦੇ ਪਹਿਲੇ ਮੈਚ ਵਿਚ ਜਰਮਨੀ ਵਿਰੁੱਧ ਸ਼ੂਟਆਊਟ ਵਿਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਤੇ ਪੰਜਵੇਂ ਨੰਬਰ ਦੀ ਟੀਮ ਜਰਮਨੀ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਨੀਂਹ ਸ਼ੁਰੂਆਤੀ 5 ਮਿੰਟ ਵਿਚ ਹੀ ਰੱਖੀ ਜਾ ਚੁੱਕੀ ਸੀ। ਨਵਨੀਤ ਕੌਰ ਨੇ ਚੌਥੇ ਹੀ ਮਿੰਟ ਵਿਚ ਭਾਰਤ ਨੂੰ ਬੜ੍ਹਤ ਦਿਵਾਈ ਪਰ ਮੇਜ਼ਬਾਨ ਟੀਮ ਇਸ ਗੋਲ ਦਾ ਜਸ਼ਨ ਮਨਾ ਪਾਉਂਦੀ, ਇਸ ਤੋਂ ਪਹਿਲਾਂ ਅਗਲੇ ਹੀ ਮਿੰਟ ਵਿਚ ਕੋਰਲੈੱਟਾ ਸਿਪੇਲ ਨੇ ਸਕੋਰ 1-1 ਕਰ ਦਿੱਤਾ । ਦੋਵੇਂ ਟੀਮਾਂ ਨੂੰ ਇਸ ਤੋਂ ਬਾਅਦ ਗੋਲ ਕਰਨ ਦੇ ਬਹੁਤ ਸਾਰੇ ਮੌਕੇ ਮਿਲੇ ਪਰ ਸਫਲਤਾ ਕਿਸੇ ਨੂੰ ਨਹੀਂ ਮਿਲੀ, ਜਿਸ ਨਾਲ 60 ਮਿੰਟ ਦੇ ਤੈਅ ਸਮੇਂ ਤੋਂ ਬਾਅਦ ਸਕੋਰ 1-1 ਨਾਲ ਬਰਾਬਰ ਸੀ ਤੇ ਮੈਚ ਸ਼ੂਟਆਊਟ ਵਿਚ ਖਿੱਚਿਆ ਗਿਆ, ਜਿੱਥੇ ਜਰਮਨੀ ਦੀ ਟੀਮ ਨੇ ਬਾਜ਼ੀ ਮਾਰ ਲਈ।
ਇਹ ਵੀ ਪੜ੍ਹੋ : ਸੈਫ ਅੰਡਰ-18 ਮਹਿਲਾ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ ਦਾ ਐਲਾਨ
ਸ਼ੂਟਆਊਟ ਵਿਚ ਭਾਰਤ ਵਲੋਂ ਨਵਨੀਤ ਹੀ ਗੋਲ ਕਰ ਸਕੀ ਜਦਕਿ ਸ਼ਰਮੀਲਾ ਦੇਵੀ, ਨੇਹਾ ਗੋਇਲ, ਲਾਰੇਮਸਿਆਮੀ ਤੇ ਮੋਨਿਕਾ ਅਸਫਲ ਰਹੀਆਂ। ਜਰਮਨੀ ਵਲੋਂ ਪੌਲਿਨ ਹੇਂਜ ਤੇ ਸਾਰਾ ਸਟ੍ਰਾਸ ਨੇ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਪ੍ਰੋ ਲੀਗ ਵਿਚ ਡੈਬਿਊ ਕਰ ਰਹੀ ਭਾਰਤੀ ਮਹਿਲਾ ਟੀਮ ਨੇ ਆਪਣੀ ਮੁਹਿੰਮ ਦੀ ਸ਼ਾਦਨਾਰ ਸ਼ੁਰੂਆਤ ਕਰਦੇ ਹੋਏ ਮਸਕਟ ਵਿਚ ਸ਼ੁਰੂਆਤੀ ਦੋ ਮੈਚਾਂ ਵਿਚ ਚੀਨ ਨੂੰ ਕ੍ਰਮਵਾਰ 7-1 ਤੇ 2-1 ਨਾਲ ਹਰਾਇਆ ਸੀ। ਭਾਰਤ ਨੇ ਇਸ ਤੋਂ ਬਾਅਦ ਪਿਛਲੇ ਮਹੀਨੇ ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਸਪੇਨ ਨੂੰ ਆਪਣੀ ਧਰਤੀ ’ਤੇ 2-1 ਨਾਲ ਹਰਾਇਆ ਸੀ ਪਰ ਦੂਜੇ ਗੇੜ ਦੇ ਮੁਕਾਬਲੇ ਵਿਚ 3-4 ਨਾਲ ਹਾਰ ਝੱਲਣੀ ਪਈ।
ਇਹ ਵੀ ਪੜ੍ਹੋ : ਫਾਫ ਡੂਪਲੇਸਿਸ ਬਣੇ RCB ਦੇ ਨਵੇਂ ਕਪਤਾਨ, ਟੀਮ ਨੇ ਸੋਸ਼ਲ ਮੀਡੀਆ ’ਤੇ ਕੀਤਾ ਐਲਾਨ
ਨਿਯਮ ਸਮੇਂ ’ਤੇ ਡਰਾਅ ਨਾਲ ਭਾਰਤ ਨੂੰ 1 ਅੰਕ ਮਿਲਿਆ ਜਦਕਿ ਜਰਮਨੀ ਨੇ ਬੋਨਸ ਅੰਕ ਸਮੇਤ 2 ਅੰਕ ਹਾਸਲ ਕੀਤੇ। ਹਾਰ ਦੇ ਬਾਵਜੂਦ ਭਾਰਤ 5 ਮੈਚਾਂ ਵਿਚ 10 ਅੰਕਾਂ ਨਾਲ ਤੀਜੇ ਸਥਾਨ ’ਤੇ ਚੱਲ ਰਿਹਾ ਹੈ। ਜਰਮਨੀ ਦੀ ਟੀਮ 3 ਮੈਚਾਂ ਵਿਚੋਂ ਸਿਰਫ 2 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਦੋਵੇਂ ਟੀਮਾਂ ਵਿਚਾਲੇ ਦੂਜਾ ਮੈਚ ਕਲਿੰਗਾ ਸਟੇਡੀਅਮ ਵਿਚ ਐਤਵਾਰ ਨੂੰ ਖੇਡਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।