FIH ਨੇ ਮੈਚ ਆਧਾਰਿਤ ਵਿਸ਼ਵ ਰੈਂਕਿੰਗ ਪ੍ਰਣਾਲੀ ਕੀਤੀ ਸ਼ੁਰੂ

12/14/2019 2:25:35 AM

ਲੁਸਾਨੇ- ਕੌਮਾਂਤਰੀ ਹਾਕੀ ਮਹਾਸੰਘ ਨੇ ਸ਼ੁੱਕਰਵਾਰ ਨੂੰ 2020 ਲਈ ਨਵੀਂ ਵਿਸ਼ਵ ਰੈਂਕਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਰੈਂਕਿੰਗ ਦਾ ਨਿਰਧਾਰਨ ਟੂਰਨਾਮੈਂਟ ਦੇ ਆਧਾਰ 'ਤੇ ਨਹੀਂ, ਸਗੋਂ ਮੈਚ ਦੇ ਆਧਾਰ 'ਤੇ ਹੋਵੇਗਾ। ਨਵੀਂ ਵਿਵਸਥਾ ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋਵੇਗੀ। ਐੱਫ. ਆਈ. ਐੱਚ. ਨੇ ਕਿਹਾ ਕਿ 12 ਮਹੀਨਿਆਂ ਦੀ ਡੂੰਘੀ ਵਿਚਾਰ-ਚਰਚਾ, ਵਿਸ਼ਲੇਸ਼ਣ ਤੇ ਪ੍ਰੀਖਣ ਤੋਂ ਬਾਅਦ ਇਹ ਵਿਵਸਥਾ ਸ਼ੁਰੂ ਕੀਤੀ ਜਾ ਰਹੀ ਹੈ।
ਸਾਲ 2003 ਤੋਂ ਜਾਰੀ ਐੱਫ. ਆਈ. ਐੱਚ. ਵਿਸ਼ਵ ਰੈਂਕਿੰਗ ਪ੍ਰਣਾਲੀ ਮੂਲ ਰੂਪ ਨਾਲ ਟੂਰਨਾਮੈਂਟਾਂ ਵਿਚ ਟੀਮਾਂ ਨੂੰ ਪੂਲ ਵਿਚ ਵੰਡਣ ਲਈ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ ਟੀਮਾਂ ਨੂੰ ਸਾਲ ਵਿਚ ਦੋ ਜਾਂ ਤਿੰਨ ਵਾਰ ਰੈਂਕਿੰਗ ਅੰਕ ਬਣਾਉਣ ਦਾ ਮੌਕਾ ਮਿਲਦਾ ਸੀ। ਇਸ ਤੋਂ ਹੇਠਲੀ ਰੈਂਕਿੰਗ ਵਾਲੀਆਂ ਟੀਮਾਂ ਕੋਲ ਮੌਕੇ ਰਹਿ ਜਾਂਦੇ ਸਨ ਤੇ ਉਨ੍ਹਾਂ ਦੀ ਸਮਰੱਥਾ ਦਾ ਸਹੀ ਮੁਲਾਂਕਣ ਨਹੀਂ ਹੁੰਦਾ ਸੀ। ਐੱਫ. ਆਈ. ਐੱਚ. ਨੇ ਇਕ ਬਿਆਨ ਵਿਚ ਕਿਹਾ, ''ਤਕਰੀਬਨ 60 ਫੀਸਦੀ ਰਾਸ਼ਟਰੀ ਮੈਚਾਂ ਵਿਚ ਕੋਈ ਰੈਂਕਿੰਗ ਅੰਕ ਨਹੀਂ ਹੁੰਦਾ ਤੇ ਇਹ ਦੇਖ ਕੇ ਸਾਨੂੰ ਬਦਲਾਅ ਕਰਨਾ ਪਿਆ।''
ਨਵੀਂ ਪ੍ਰਣਾਲੀ ਦੇ ਤਹਿਤ ਐੱਫ. ਆਈ. ਐੱਚ. ਤੋਂ ਮਾਨਤਾ ਪ੍ਰਾਪਤ ਹਰ ਮੈਚ ਲਈ ਟੀਮਾਂ ਨੂੰ ਰੈਂਕਿੰਗ ਅੰਕ ਮਿਲਣਗੇ। ਇਹ ਅੰਕ ਮੈਚ ਦੇ ਨਤੀਜਿਆਂ, ਟੀਮਾਂ ਦੀ ਤੁਲਨਾਤਮਕ ਰੈਂਕਿੰਗ ਤੇ ਮੈਚ ਦੀ ਅਹਿਮੀਅਤ ਦੇ ਆਧਾਰ 'ਤੇ ਦਿੱਤੇ ਜਾਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਂ ਵਿਵਸਥਾ ਨਾਲ ਟੀਮਾਂ ਦੀ ਮੌਜੂਦਾ ਸਥਿਤੀ ਵਿਚ ਫਰਕ ਨਹੀਂ ਪਵੇਗਾ। ਹਰ ਟੀਮ 2020 ਦੀ ਸ਼ੁਰੂਆਤ ਉਸੇ ਰੈਂਕਿੰਗ ਤੋਂ ਕਰੇਗੀ ਤੇ ਉਸਦੇ ਰੈਂਕਿੰਗ ਅੰਕ ਉਹ ਹੀ ਰਹਿਣਗੇ।
 


Gurdeep Singh

Content Editor

Related News