ਫੀਫਾ ਅੰਡਰ-17 ਵਿਸ਼ਵ ਕੱਪ : ਸਾਲ ਬਾਅਦ ਇਤਿਹਾਸ ਰਚਣ ਉਤਰੇਗਾ ਈਰਾਨ

10/22/2017 3:23:17 AM

ਕੋਚੀ— ਏਸ਼ੀਆਈ ਸ਼ਕਤੀ ਈਰਾਨ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਐਤਵਾਰ ਨੂੰ ਸਪੇਨ ਵਿਰੁੱਧ ਹੋਣ ਵਾਲੇ ਕੁਆਰਟਰ ਫਾਈਨਲ 'ਚ 22 ਸਾਲ ਬਾਅਦ ਇਤਿਹਾਸ ਰਚਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗਾ।
ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪਹੁੰਚੀਆਂ ਅੱਠ ਟੀਮਾਂ ਵਿਚ ਈਰਾਨ ਹੀ ਇਕਲੌਤੀ ਏਸ਼ੀਆਈ ਟੀਮ ਹੈ ਤੇ ਟੂਰਨਾਮੈਂਟ ਵਿਚ ਉਸ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਈਰਾਨ ਕੋਲ ਟੂਰਨਾਮੈਂਟ 'ਚ 22 ਸਾਲ  ਬਾਅਦ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਏਸ਼ੀਆਈ ਟੀਮ ਬਣਨ ਦਾ ਸ਼ਾਨਦਾਰ ਮੌਕਾ ਹੈ। ਵਿਸ਼ਵ ਕੱਪ 'ਚ ਹੁਣ ਤਕ ਸਿਰਫ ਚਾਰ ਏਸ਼ੀਆਈ ਟੀਮਾਂ ਹੀ ਸੈਮੀਫਾਈਨਲ ਤਕ ਪਹੁੰਚੀਆਂ ਹਨ। ਸਾਊਦੀ ਅਰਬ ਤੇ ਬਹਿਰੀਨ ਨੇ 1989 ਦੇ ਵਿਸ਼ਵ ਕੱਪ 'ਚ, ਕਤਰ ਨੇ 1991 ਦੇ ਵਿਸ਼ਵ ਕੱਪ 'ਚ ਅਤੇ ਓਮਾਨ ਨੇ 1995 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਈਰਾਨ ਕੋਲ ਇਸ ਵਾਰ ਇਤਿਹਾਸ ਦੁਹਰਾਉਣ ਦਾ ਮੌਕਾ ਹੈ।
ਈਰਾਨ ਨੇ ਗਰੁੱਪ ਗੇੜ 'ਚ ਗਿਨੀ  ਨੂੰ 3-1 ਨਾਲ, ਜਰਮਨੀ ਨੂੰ 4-0 ਨਾਲ ਤੇ ਕੋਸਟਾਰਿਕਾ ਨੂੰ 3-0 ਨਾਲ ਹਰਾਇਆ ਸੀ। ਰਾਊਂਡ-16 'ਚ ਈਰਾਨ ਨੇ ਸਾਬਕਾ ਚੈਂਪੀਅਨ ਮੈਕਸੀਕੋ ਨੂੰ 2-1 ਨਾਲ ਹਰਾਇਆ ਤੇ ਹੁਣ ਉਸ ਦੇ ਸਾਹਮਣੇ ਕੁਆਰਟਰ ਫਾਈਨਲ 'ਚ ਸਪੇਨ ਦੀ ਚੁਣੌਤੀ ਹੋਵੇਗੀ, ਜਿਸ ਨੇ ਟੂਰਨਾਮੈਂਟ ਵਿਚ ਉਤਰਾਅ-ਚੜ੍ਹਾਅ ਵਾਲਾ ਪ੍ਰਦਰਸ਼ਨ ਕੀਤਾ ਹੈ। ਆਪਣੇ ਪਹਿਲੇ ਮੈਚ 'ਚ ਬ੍ਰਾਜ਼ੀਲ ਤੋਂ 1-2 ਨਾਲ ਹਾਰ ਖਾਣ ਤੋਂ ਬਾਅਦ ਸਪੇਨ ਨੇ ਨਾਈਜਰ ਨੂੰ 4-0 ਨਾਲ ਤੇ ਉੱਤਰੀ ਕੋਰੀਆ ਨੂੰ 2-0 ਨਾਲ ਹਰਾ ਕੇ ਰਾਊਂਡ-16 'ਚ ਜਗ੍ਹਾ ਬਣਾਈ, ਜਿਥੇ ਉਸ ਨੇ ਫਰਾਂਸ ਦੀ ਅਜੇਤੂ ਟੀਮ ਨੂੰ 2-1 ਨਾਲ ਹਰਾ ਦਿੱਤਾ। ਈਰਾਨ ਨੂੰ ਸਪੇਨ ਦੀ ਵਾਪਸੀ ਤੋਂ ਚੌਕਸ ਰਹਿਣਾ ਪਵੇਗਾ।


Related News