ਫੀਫਾ ਅੰਡਰ-17 ਵਿਸ਼ਵ ਕੱਪ : ਜਰਮਨੀ ਤੋਂ ਸੀਨੀਅਰ ਟੀਮ ਦਾ ਬਦਲਾ ਲੈਣ ਉਤਰੇਗਾ ਬ੍ਰਾਜ਼ੀਲ

10/21/2017 11:32:58 PM

ਕੋਲਕਾਤਾ— 3 ਵਾਰ ਚੈਂਪੀਅਨ ਰਹਿ ਚੁੱਕਾ ਬ੍ਰਾਜ਼ੀਲ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਐਤਵਾਰ ਨੂੰ ਇਥੇ ਜਰਮਨੀ ਵਿਰੁੱਧ ਹੋਣ ਵਾਲੇ ਹਾਈ ਵੋਲਟੇਜ ਕੁਆਰਟਰ ਫਾਈਨਲ 'ਚ ਆਪਣੀ ਸੀਨੀਅਰ ਟੀਮ ਦੀ ਹਾਰ ਦਾ ਬਦਲਾ ਲੈਣ ਦੇ ਟੀਚੇ ਨਾਲ ਉਤਰੇਗਾ। ਬ੍ਰਾਜ਼ੀਲ ਤੇ ਜਰਮਨੀ ਵਿਚਾਲੇ ਹੋਣ ਵਾਲਾ ਇਹ ਮੈਚ ਇਸ ਟੂਰਨਾਮੈਂਟ ਦਾ ਸਭ ਤੋਂ ਜ਼ਬਰਦਸਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਬ੍ਰਾਜ਼ੀਲ ਦੇ ਨੌਜਵਾਨਾਂ ਨੂੰ 8 ਜੁਲਾਈ 2014 ਦਾ ਵਿਸ਼ਵ ਸੈਮੀਫਾਈਨਲ ਅੱਜ ਵੀ ਯਾਦ ਹੋਵੇਗਾ, ਜਦੋਂ ਜਰਮਨੀ ਨੇ ਖਿਤਾਬ ਦੇ ਪਹਿਲੇ ਦਾਅਵੇਦਾਰ ਬ੍ਰਾਜ਼ੀਲ ਨੂੰ 7-1 ਦੀ ਸ਼ਰਮਨਾਕ ਹਾਰ ਦਾ ਘੁੱਟ ਪਿਲਾਇਆ ਸੀ। ਬ੍ਰਾਜ਼ੀਲ ਦੇ ਮਾਣਮੱਤੇ ਫੁੱਟਬਾਲ ਇਤਿਹਾਸ ਦੀ ਇਹ ਸਭ ਤੋਂ ਸ਼ਰਮਨਾਕ ਹਾਰ ਸੀ। ਕੋਲਕਾਤਾ 'ਚ ਹੋਣ ਵਾਲੇ ਇਸ ਮੁਕਾਬਲੇ ਦੇ ਪੂਰੀ ਤਰ੍ਹਾਂ ਹਾਊਸਫੁੱਲ ਰਹਿਣ ਦੀ ਉਮੀਦ ਹੈ ਕਿਉਂਕਿ ਮੁਕਾਬਲਾ ਹੀ ਅਜਿਹੀਆਂ ਦੋ ਟੀਮਾਂ ਵਿਚਾਲੇ ਹੈ, ਜਿਨ੍ਹਾਂ ਦੀ ਟੱਕਰ ਦਾ ਪੂਰੀ ਦੁਨੀਆ ਨੂੰ ਇੰਤਜ਼ਾਰ ਰਹਿੰਦਾ ਹੈ। ਦੋਵੇਂ ਹੀ ਇਸ ਵਾਰ ਖਿਤਾਬ ਦੇ ਪਹਿਲੇ ਦਾਅਵੇਦਾਰ ਮੰਨੇ ਜਾ ਰਹੇ ਹਨ। 
ਸਾਲ 1997, 1999 ਤੇ 2003 ਵਿਚ ਜੇਤੂ ਰਹਿ ਚੁੱਕੀ ਬ੍ਰਾਜ਼ੀਲ ਦੀ ਟੀਮ ਨੇ ਕੁਆਰਟਰ ਫਾਈਨਲ ਤਕ ਦੇ ਆਪਣੇ ਸਫਰ 'ਚ ਸਪੇਨ ਨੂੰ 2-1 ਨਾਲ, ਉੱਤਰੀ ਕੋਰੀਆ ਨੂੰ 2-0 ਨਾਲ, ਨਾਈਜਰ ਨੂੰ 2-0 ਨਾਲ ਤੇ ਰਾਊਂਡ-16 ਵਿਚ ਹੋਂਡੂਰਾਸ ਨੂੰ 3-0 ਨਾਲ ਹਰਾਇਆ ਸੀ। ਦੂਜੇ ਪਾਸੇ ਜਰਮਨੀ ਨੂੰ ਗਰੁੱਪ ਗੇੜ 'ਚ ਈਰਾਨ ਹੱਥੋਂ ਆਪਣੇ ਦੂਜੇ ਮੈਚ ਵਿਚ 0-4 ਨਾਲ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਰਮਨੀ ਨੇ ਹੋਰ ਗਰੁੱਪ ਮੈਚ 'ਚ ਕੋਸਟਾਰਿਕਾ ਨੂੰ 2-1 ਨਾਲ ਤੇ ਗੁਏਨਾ ਨੂੰ 3-1 ਨਾਲ ਹਰਾਇਆ ਸੀ। ਪ੍ਰੀ-ਕੁਆਰਟਰ ਫਾਈਨਲ ਵਿਚ ਜਰਮਨੀ ਨੇ ਕੋਲੰਬੀਆ ਨੂੰ 4-0 ਨਾਲ ਹਰਾ ਕੇ ਆਪਣੀ ਅਸਲੀ ਤਾਕਤ ਦਿਖਾਈ ਸੀ। ਜਰਮਨੀ ਨੂੰ ਅਜੇ ਆਪਣੇ ਪਹਿਲੇ ਖਿਤਾਬ ਦੀ ਭਾਲ ਹੈ। ਬ੍ਰਾਜ਼ੀਲ ਤੇ ਜਰਮਨੀ ਵਿਚਾਲੇ ਅੰਡਰ-17 ਵਿਸ਼ਵ ਕੱਪ 'ਚ ਆਖਰੀ ਵਾਰ ਮੁਕਾਬਲਾ 2011 ਵਿਚ ਤੀਜੇ ਸਥਾਨ ਲਈ ਹੋਇਆ ਸੀ, ਜਿਸ ਵਿਚ ਜਰਮਨੀ ਨੇ 4-3 ਨਾਲ ਜਿੱਤ ਹਾਸਲ ਕੀਤੀ ਸੀ।


Related News