ਫੀਫਾ ਅੰਡਰ-17 ਵਿਸ਼ਵ ਕੱਪ : ਬ੍ਰਾਜ਼ੀਲ ਤੋਂ 0-5 ਨਾਲ ਹਾਰ ਕੇ ਭਾਰਤ ਟੂਰਨਾਮੈਂਟ ਤੋਂ ਬਾਹਰ
Tuesday, Oct 18, 2022 - 01:20 PM (IST)
ਭੁਵਨੇਸ਼ਵਰ : ਭਾਰਤੀ ਟੀਮ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਸੋਮਵਾਰ ਨੂੰ ਖੇਡੇ ਗਏ ਫੀਫਾ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਆਖ਼ਰੀ ਲੀਗ ਮੁਕਾਬਲੇ ਵਿਚ ਬ੍ਰਾਜ਼ੀਲ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਭਾਰਤ ਦਾ ਸਫ਼ਰ ਇਸ ਟੂਰਨਾਮੈਂਟ ਵਿਚ ਖ਼ਤਮ ਹੋ ਗਿਆ।
ਲੀਗ ਦੇ ਪਹਿਲੇ ਮੈਚ ਵਿਚ ਭਾਰਤ ਨੂੰ ਅਮਰੀਕਾ ਹੱਥੋਂ 0-8 ਨਾਲ ਤੇ ਦੂਜੇ ਮੈਚ ਵਿਚ ਮੋਰੱਕੋ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਵਿਸ਼ਵ ਕੱਪ ਵਿਚ ਭਾਰਤੀ ਟੀਮ ਤਿੰਨੇ ਮੈਚਾਂ ਵਿਚ ਇਕ ਗੋਲ ਤਕ ਨਹੀਂ ਕਰ ਸਕੀ। ਬ੍ਰਾਜ਼ੀਲ ਦੇ ਅੱਗੇ ਭਾਰਤੀ ਟੀਮ ਕਿਤੇ ਨਹੀਂ ਟਿਕ ਸਕੀ। ਬ੍ਰਾਜ਼ੀਲ ਵੱਲੋਂ ਅਮਾਰੋ ਬਰਸ਼ਨ ਨੇ 11ਵੇਂ, ਏਲੀਨਾ ਨੇ 40ਵੇਂ ਤੇ 51ਵੇਂ, ਤੇ ਲਾਰਾ ਨੇ 86ਵੇਂ ਤੇ 90ਵੇਂ ਮਿੰਟ ਵਿਚ ਗੋਲ ਕੀਤੇ।
ਇਸ ਜਿੱਤ ਨਾਲ ਹੀ ਬ੍ਰਾਜ਼ੀਲ ਨੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕਰ ਲਈ। ਮੈਚ ਦੌਰਾਨ ਸ਼ੁਰੂਆਤ ਤੋਂ ਹੀ ਬ੍ਰਾਜ਼ੀਲ ਦੀ ਟੀਮ ਹਮਲਾਵਰ ਨਜ਼ਰ ਆ ਰਹੀ ਸੀ। ਪੂਰੇ ਮੈਚ ਦੌਰਾਨ ਬ੍ਰਾਜ਼ੀਲ ਦਾ ਦਬਦਬਾ ਰਿਹਾ ਤੇ ਉਸ ਨੇ ਵੱਧ ਸਮਾਂ ਗੇਂਦ ਨੂੰ ਆਪਣੇ ਕਬਜ਼ੇ ਵਿਚ ਰੱਖਿਆ। ਭਾਰਤ ਗੋਲ ਵੱਲ ਇਕ ਹੀ ਸ਼ਾਟ ਲਗਾ ਸਕਿਆ ਜਦਕਿ ਬ੍ਰਾਜ਼ੀਲ ਨੇ ਇਕ ਦਰਜਨ ਤੋਂ ਵੱਧ ਸ਼ਾਟ ਮਾਰੇ।