ਫੀਫਾ ਨੇ ਫੁੱਟਬਾਲ ਨੂੰ ਲੈ ਕੇ ਨਵੇਂ ਕਾਇਦੇ ਕਾਨੂੰਨ ਦੀ ਪੁਸਤਕ 2024 ਕੀਤੀ ਪ੍ਰਕਾਸ਼ਿਤ
Tuesday, Sep 24, 2024 - 01:03 PM (IST)
ਜਿਨੇਵਾ : ਵਿਸ਼ਵ ਫੁੱਟਬਾਲ ਪ੍ਰਬੰਧਕ ਸੰਸਥਾ (ਫੀਫਾ) ਨੇ ਦੁਨੀਆ ਭਰ ਦੇ ਫੁੱਟਬਾਲ ਭਾਈਚਾਰੇ ਨੂੰ ਕਾਨੂਨੀ ਸਹਾਇਤਾ ਪ੍ਰਦਾਨ ਕਰਨ ਲਈ ਨਵੇਂ ਨਿਯਮ, ਕਾਨੂੰਨੀ ਦਸਤਾਵੇਜ਼ ਅਤੇ ਸਰਕੁਲਰਾਂ ਵਾਲੀ ਕਾਨੂੰਨੀ ਪੁਸਤਕ ਦਾ 2024 ਐਡੀਸ਼ਨ ਪ੍ਰਕਾਸ਼ਿਤ ਕੀਤਾ। ਫੀਫਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਇਸ ਪੁਸਤਕ ਦੇ ਨਵੇਂ ਐਡੀਸ਼ਨ ਵਿੱਚ ਫੁੱਟਬਾਲ ਸੰਗਠਨਾਂ ਅਤੇ ਮੈਚਾਂ 'ਤੇ ਲਾਗੂ ਸਾਰੇ ਨਿਯਮਾਂ ਅਤੇ ਕਾਨੂੰਨਾਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ ਅਤੇ ਸੋਧਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਫੀਫਾ ਨੇ 2020 ਵਿੱਚ ਪਹਿਲੀ ਵਾਰ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਸੀ ਅਤੇ ਉਦੋਂ ਤੋਂ ਹਰ ਸਾਲ ਇਹ ਕਾਨੂੰਨੀ ਪੁਸਤਿਕਾ ਜਾਰੀ ਕੀਤੀ ਜਾ ਰਹੀ ਹੈ। ਇਸ ਪੁਸਤਕ ਵਿੱਚ ਹੋਰ ਸੰਬੰਧਤ ਦਸਤਾਵੇਜ਼ਾਂ ਤੋਂ ਇਲਾਵਾ, 2024 ਐਡੀਸ਼ਨ ਵਿੱਚ ਫੀਫਾ ਦੇ ਕਾਨੂੰਨਾਂ ਦੇ ਅੱਪਡੇਟ ਸੰਸਕਰਣ, ਖਿਡਾਰੀਆਂ ਦੀ ਸਥਿਤੀ ਅਤੇ ਟ੍ਰਾਂਸਫਰ 'ਤੇ ਨਿਯਮ ਅਤੇ ਮਹਿਲਾ ਖਿਡਾਰੀਆਂ ਅਤੇ ਕੋਚਾਂ ਲਈ ਰੈਗੂਲੇਟਰ ਢਾਂਚਾ ਸ਼ਾਮਲ ਹੈ।