ਟ੍ਰੰਪ ਦੇ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਇਨਫੈਂਟੀਨੋ ਦੀ ਸਿਆਸੀ ਨਿਰਪੱਖਤਾ ਦੀ ਜਾਂਚ ਕਰੇਗਾ IOC
Sunday, Feb 22, 2026 - 12:09 PM (IST)
ਮਿਲਾਨ- ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੀ ਪ੍ਰਧਾਨ ਕ੍ਰਿਸਟੀ ਕੋਵੈਂਟਰੀ ਨੇ ਕਿਹਾ ਕਿ ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਦੇ ਮੁਖੀ ਜਿਆਨੀ ਇਨਫੈਂਟੀਨੋ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ‘ਬੋਰਡ ਆਫ ਪੀਸ’ ਪ੍ਰੋਗਰਾਮ ’ਚ ਹਿੱਸਾ ਲੈਣ ਕਾਰਨ ਉਸ ਦੀ ਸਿਆਸੀ ਨਿਰਪੱਖਤਾ ਦੀ ਜਾਂਚ ਕੀਤੀ ਜਾਵੇਗੀ। ਇਨਫੈਂਟੀਨੋ ਤੇ ਕੋਵੈਂਟਰੀ ਆਈ. ਸੀ. ਸੀ. ਦੇ ਉਸ ਦੇ 107 ਮੈਂਬਰਾਂ ’ਚ ਸ਼ਾਮਲ ਹਨ, ਜਿਹੜੇ ‘ਸਿਆਸੀ ਹਿੱਤਾਂ ਤੋਂ ਹਟ ਕੇ ਸੁਤੰਤਰ ਰੂਪ ’ਚ ਕੰਮ ਕਰਨ’ ਦੀ ਸਹੁੰ ਨਾਲ ਬੱਝੇ ਹੋਏ ਹਨ।
ਟ੍ਰੰਪ ਨੇ ਵੀਰਵਾਰ ਨੂੰ ਵਾਸ਼ਿੰਗਟਨ ਡੀ. ਸੀ. ’ਚ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ, ਜਿੱਥੇ ਇਨਫੈਂਟੀਨੋ ਨੇ ਕੌਮਾਂਤਰੀ ਫੁੱਟਬਾਲ ਮਹਾਸੰਘ ਵੱਲੋਂ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ਤਹਿਤ ਗਾਜ਼ਾ ’ਚ ਫੀਫਾ ਦੀ ਰਾਸ਼ੀ ’ਚੋਂ 75 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਸਾਲ ਅਮਰੀਕਾ, ਕੈਨੇਡਾ ਤੇ ਮੈਕਸੀਕੋ ’ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਇਨਫੈਂਟੀਨੋ ਨੇ ਫੀਫਾ ਨੂੰ ਅਮਰੀਕੀ ਸਰਕਾਰ ਨਾਲ ਨੇੜਿਓਂ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਪਿਛਲੇ ਸਾਲ ਟ੍ਰੰਪ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲਿਆ ਸੀ ਤੇ ਇਸ ਤੋਂ ਬਾਅਦ ਵੀ ਉਹ ਕਈ ਵਾਰ ਟ੍ਰੰਪ ਨੂੰ ਮਿਲ ਚੁੱਕਾ ਹੈ।
