ਸ਼੍ਰੀਲੰਕਾ ’ਚ ਲੈਅ ਨਹੀਂ ਬਣ ਪਾ ਰਹੀ ਸੀ, ਦਲੀਪ ਟਰਾਫੀ ’ਚ ਲੰਬੇ ਸਪੈੱਲਾਂ ਨਾਲ ਫਾਇਦਾ ਮਿਲਿਆ : ਸਿਰਾਜ

Saturday, Sep 12, 2026 - 10:02 AM (IST)

ਸ਼੍ਰੀਲੰਕਾ ’ਚ ਲੈਅ ਨਹੀਂ ਬਣ ਪਾ ਰਹੀ ਸੀ, ਦਲੀਪ ਟਰਾਫੀ ’ਚ ਲੰਬੇ ਸਪੈੱਲਾਂ ਨਾਲ ਫਾਇਦਾ ਮਿਲਿਆ : ਸਿਰਾਜ

ਚੇਨਈ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਮੰਨਿਆ ਕਿ 2 ਮਹੀਨਿਆਂ ਦੇ ਆਰਾਮ ਤੋਂ ਬਾਅਦ ਉਸ ਨੂੰ ਸ਼੍ਰੀਲੰਕਾ ਦੌਰੇ ’ਚ ਆਪਣੀ ਗਤੀ ਤੇ ਲੈਅ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ ਸੀ ਪਰ ਦਲੀਪ ਟਰਾਫੀ ’ਚ ਲੰਬੇ ਸਪੈੱਲ ਕਰਨ ਨਾਲ ਉਸ ਨੂੰ ਆਪਣੀ ਲੈਅ ਹਾਸਲ ਕਰਨ ’ਚ ਮਦਦ ਮਿਲੀ ਹੈ। ਸਿਰਾਜ ਸ਼੍ਰੀਲੰਕਾ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਦੌਰਾਨ ਆਪਣੀ ਪੁਰਾਣੀ ਫਾਰਮ ’ਚ ਨਹੀਂ ਦਿਸਿਆ। ਉਹ ਲੈਅ ਹਾਸਲ ਨਹੀਂ ਕਰ ਪਾ ਰਿਹਾ ਸੀ ਤੇ ਉਸ ਦੀ ਗਤੀ ਵੀ ਕਾਫੀ ਘੱਟ ਗਈ ਸੀ। ਸਿਰਾਜ ਨੇ ਇਸ ਲੜੀ ਦੀਆਂ 4 ਪਾਰੀਆਂ ’ਚ ਸਿਰਫ 44 ਓਵਰ ਕੀਤੇ ਸਨ।

ਸਿਰਾਜ ਨੇ ਦਲੀਪ ਟਰਾਫੀ ਫਾਈਨਲ ਤੋਂ ਬਾਅਦ ਕਿਹਾ, ‘‘ਦੋ ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਸਿੱਧੇ ਮੈਚ ਖੇਡਣਾ ਆਸਾਨ ਨਹੀਂ ਸੀ। ਮੈਂ ਪੂਰੀ ਤਰ੍ਹਾਂ ਨਾਲ ਲੈਅ ਹਾਸਲ ਨਹੀਂ ਕਰ ਪਾਇਆ ਸੀ। ਮੈਂ ਅਜਿਹਾ ਗੇਂਦਬਾਜ਼ ਹਾਂ ਜਿਹੜਾ ਪੂਰੀ ਤਰ੍ਹਾਂ ਨਾਲ ਲੈਅ ’ਤੇ ਨਿਰਭਰ ਹੈ। ਜੇਕਰ ਮੈਂ ਲੈਅ ’ਚ ਨਹੀਂ ਹਾਂ ਤਾਂ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਦਾ।’’

ਉਸ ਨੇ ਕਿਹਾ, ‘‘ਸ਼੍ਰੀਲੰਕਾ ’ਚ ਇਹੋ ਮੇਰੀ ਸਮੱਸਿਆ ਸੀ। ਮੈਂ ਆਪਣੇ ਰਨਅੱਪ ਨਾਲ ਤਾਲਮੇਲ ਨਹੀਂ ਬਿਠਾ ਪਾ ਰਿਹਾ ਸੀ। ਮੇਰੇ ਕੁਝ ਕਦਮ ਬਹੁਤ ਛੋਟੇ ਸਨ, ਕੁਝ ਬਹੁਤ ਲੰਬੇ। ਇਸ ਨਾਲ ਮੇਰੀ ਲੈਅ ਟੁੱਟ ਗਈ ਅਤੇ ਮੇਰੀ ਗਤੀ ਹੌਲੀ ਹੋ ਗਈ।’’

ਅਫਗਾਨਿਸਤਾਨ ਵਿਰੁੱਧ 8 ਜੂਨ ਨੂੰ ਖਤਮ ਹੋਏ ਇਕਲੌਤੇ ਟੈਸਟ ਮੈਚ ਤੋਂ ਬਾਅਦ 32 ਸਾਲਾ ਸਿਰਾਜ ਨੇ ਦੋ ਮਹੀਨਿਆਂ ਦੀ ਬ੍ਰੇਕ ਲਈ ਅਤੇ ਫਿਰ ਭਾਰਤ ਦੇ ਸ਼੍ਰੀਲੰਕਾ ਦੌਰੇ ਲਈ ਟੀਮ ’ਚ ਸ਼ਾਮਲ ਹੋਇਆ। ਇਸ ਦੌਰੇ ਦੀ ਸ਼ੁਰੂਆਤ 7 ਅਗਸਤ ਨੂੰ ਐੱਸ. ਐੱਲ. ਸੀ. ਇਲੈਵਨ ਵਿਰੁੱਧ ਮੈਚ ਨਾਲ ਹੋਈ। ਸਿਰਾਜ ਨੇ ਹਾਲਾਂਕਿ ਪੂਰਬੀ ਖੇਤਰ ਤੇ ਦੱਖਣੀ ਖੇਤਰ ਵਿਚਾਲੇ ਖੇਡੇ ਗਏ ਦਲੀਪ ਟਰਾਫੀ ਦੇ ਫਾਈਨਲ ’ਚ 41 ਓਵਰ ਕੀਤੇ ਅਤੇ ਇਸ ਦੌਰਾਨ ਆਪਣੀ ਲੈਅ ਹਾਸਲ ਕੀਤੀ।


author

SATPAL

Content Editor

Related News