ਫਿਡੇ ਵਿਸ਼ਵ ਕੈਡੇਟ ਤੇ ਯੂਥ ਚੈਂਪੀਅਨਸ਼ਿਪ : ਨਿਹਾਲ ਸਰੀਨ ਸਮੇਤ 4 ਭਾਰਤੀ ਸੈਮੀਫਾਈਨਲ ’ਚ
Tuesday, Dec 22, 2020 - 02:44 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)– ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੇ ਫਿਡੇ ਵਿਸ਼ਵ ਆਨਲਾਈਨ ਅੰਡਰ-18 ਯੂਥ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਉਸ ਨੇ ਕੁਆਰਟਰ ਫਾਈਨਲ ਵਿਚ ਯੂ. ਐੱਸ. ਏ. ਦੇ ਜਸਟਿਨ ਵਾਂਗ ਨੂੰ 1.5-0.5 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਇਹ ਮੁਕਾਬਲਾ ਕੋਈ ਇਕਪਾਸੜ ਨਹੀਂ ਰਿਹਾ ਤੇ ਉਸਦੇ ਵਿਰੋਧੀ ਨੇ ਉਸ ਨੂੰ ਜ਼ੋਰਦਾਰ ਟੱਕਰ ਦਿੱਤੀ। ਦੋਵਾਂ ਵਿਚਾਲੇ ਹੋਏ ਪਹਿਲੇ ਮੁਕਾਬਲੇ ਵਿਚ ਨਤੀਜਾ ਨਹੀਂ ਨਿਕਲਿਆ ਤੇ ਦੂਜੇ ਮੈਚ ਵਿਚ ਨਿਹਾਲ ਨੂੰ ਲਗਭਗ ਡਰਾਅ ਵਰਗੀ ਸਥਿਤੀ ਵਿਚੋਂ ਜਿੱਤਣ ਲਈ 120 ਚਾਲਾਂ ਤਕ ਜ਼ੋਰ ਲਾਉਣਾ ਪਿਆ। ਉਥੇ ਹੀ ਇਸ ਵਰਗ ਵਿਚ ਭਾਰਤ ਦੇ ਪੀ. ਇਨਯਨ ਅਰਮੀਨੀਆ ਦੇ ਸੇਰਗਸਯਾਨ ਸਾਂਤ ਤੋਂ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਹੈ। ਹਾਲਾਂਕਿ ਭਾਰਤ ਦੇ ਤਿੰਨ ਹੋਰ ਖਿਡਾਰੀ ਵੀ ਵੱਖ-ਵੱਖ ਵਰਗਾਂ ਵਿਚ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੇ।
ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡ ਮਾਸਟਰ ਡੀ. ਗੁਕੇਸ਼ ਅੰਡਰ-14 ਵਰਗ ਵਿਚ ਹਮਵਤਨ ਪ੍ਰਣਯ ਵੀ. ਨੂੰ 2-1 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਿਹਾ। ਅੰਡਰ-16 ਬਾਲਿਕਾ ਵਰਗ ਵਿਚ ਭਾਰਤ ਦੀ ਰਕਸ਼ਿਤਾ ਰਵੀ ਨੇ ਕਿਊਬਾ ਦੀ ਹੇਰਨਾਡੇਜ ਗਿੱਲ ਨੂੰ 2-1 ਨਾਲ ਹਰਾ ਕੇ ਆਖਰੀ-4 ਵਿਚ ਜਗ੍ਹਾ ਬਣਾ ਲਈ।
ਨੋਟ- ਫਿਡੇ ਵਿਸ਼ਵ ਕੈਡੇਟ ਤੇ ਯੂਥ ਚੈਂਪੀਅਨਸ਼ਿਪ : ਨਿਹਾਲ ਸਰੀਨ ਸਮੇਤ 4 ਭਾਰਤੀ ਸੈਮੀਫਾਈਨਲ ’ਚ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।