ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ - ਹੰਪੀ ਨੇ ਬਚਾਈ ਹਾਰੀ ਬਾਜ਼ੀ
Sunday, Feb 05, 2023 - 12:45 PM (IST)
ਮਿਊਨਿਖ (ਜਰਮਨੀ), (ਨਿਕਲੇਸ਼ ਜੈਨ)– ਫਿਡੇ ਮਹਿਲਾ ਗ੍ਰਾਂ. ਪ੍ਰੀ.ਸ਼ਤਰੰਜ ਟੂਰਨਾਮੈਂਟ ਦੇ ਦੂਜੇ ਰਾਊਂਡ ਵਿਚ ਭਾਰਤ ਦੀ ਮਹਾਨ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਿਰ ਕਿਉਂ ਅਜੇ ਵੀ ਉਹ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਸ਼ਤਰੰਜ ਖਿਡਾਰਨਾਂ ਵਿਚੋਂ ਇਕ ਮੰਨੀ ਜਾਂਦੀ ਹੈ। ਹੰਪੀ ਸਫੈਦ ਮੋਹਰਿਆਂ ਨਾਲ ਕਜ਼ਾਕਿਸਤਾਨ ਦੀ ਜਾਨਸਾਯਾ ਅਬਦੁਮਾਲਿਕ ਨਾਲ ਮੁਕਾਬਲਾ ਖੇਡ ਰਹੀ ਸੀ।
ਇਸ ਖੇਡ ਦੀ 26ਵੀਂ ਚਾਲ ਵਿਚ ਉਸ ਤੋਂ ਇਕ ਵੱਡੀ ਭੁੱਲ ਹੋ ਗਈ ਤੇ ਉਸ ਨੂੰ ਪਹਿਲਾਂ ਤਾਂ ਜਾਨਸਾਯਾ ਦੇ ਊਠ ਦੇ ਬਦਲੇ ਆਪਣਾ ਹਾਥੀ ਦੇਣਾ ਪਿਆ ਤੇ 50ਵੀਂ ਚਾਲ ਆਉਂਦੇ-ਆਉਂਦੇ ਇਕ ਪਿਆਦੇ ਨੂੰ ਮਾਰਨ ਲਈ ਆਪਣਾ ਊਠ ਦੇਣਾ ਪਿਆ, ਨਤੀਜੇ ਵਜੋਂ ਜਿੱਥੇ ਜਾਨਸਾਯਾ ਕੋਲ ਇਕ ਊਠ ਤੇ ਹਾਥੀ ਸੀ ਤਾਂ ਹੰਪੀ ਕੋਲ ਇਕ ਘੋੜਾ ਤੇ ਦੋ ਪਿਆਦੇ ਸਨ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ 'ਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ FIR ਦਰਜ
ਸਾਰਿਆਂ ਨੂੰ ਲੱਗਾ ਕਿ ਹੰਪੀ ਇਹ ਮੈਚ ਹਾਰ ਜਾਵੇਗੀ ਤਾਂ ਹੰਪੀ ਨੇ 79 ਚਾਲਾਂ ਤਕ ਚੱਲੇ ਮੁਕਾਬਲੇ ਵਿਚ ਆਪਣੇ ਪਿਆਦਿਆਂ ਨੂੰ ਕੁਝ ਇਸ ਤਰ੍ਹਾਂ ਅੱਗੇ ਵਧਾਇਆ ਕਿ ਖੇਡ ਬਰਾਬਰੀ ’ਤੇ ਖਤਮ ਹੋਈ। ਦੂਜੇ ਦਿਨ ਰੂਸ ਦੀ ਅਲੈਗਜ਼ੈਂਡਰ ਕੋਸਟੇਨਿਯੁਕ ਨੇ ਜਰਮਨੀ ਦੀ ਐਲਿਜ਼ਾਬੇਥ ਪੈਹਤਜ ਨੂੰ ਹਰਾਉਂਦੇ ਹੋਏ ਲਗਾਤਾਰ ਦੂਜਾ ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ ਤੇ ਯੂਕ੍ਰੇਨ ਦੀ ਅਨਾ ਮਿਊਜਚੁਕ ਨੇ ਜਰਮਨੀ ਦੀ ਦਿਨਾਰਾ ਵੈਗਨਰ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਹੋਰਨਾਂ ਮੁਕਾਬਲਿਆਂ ਵਿਚ ਜਾਰਜੀਆ ਦੀ ਨਾਨ ਦਗਨਿਦਜੇ ਨੇ ਯੂਕ੍ਰੇਨ ਦੀ ਮਾਰੀਆ ਮਿਊਜਚੁਕ ਨਾਲ, ਚੀਨ ਦੀ ਝੂ ਜਿਨਰ ਨੇ ਭਾਰਤ ਦੀ ਹਰਿਕਾ ਦ੍ਰੋਣਾਵਲੀ ਨਾਲ ਤੇ ਪੋਲੈਂਡ ਦੀ ਅਲੀਨਾ ਕਾਸ਼ਲਿਨ ਸਕਾਯਾ ਨੇ ਚੀਨ ਦੀ ਤਾਨ ਝੋਂਗਯੀ ਨਾਲ ਬਾਜ਼ੀ ਡਰਾਅ ਖੇਡੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।