ਫਿਡੇ ਕਾਰਪੋਰੇਟ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ - LIC ਤੇ TCS ਰਹੇ ਤੀਜੇ ਸਥਾਨ ’ਤੇ
Monday, Feb 22, 2021 - 02:22 AM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)– ਫਿਡੇ ਕਾਰਪੋਰੇਟ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਦਿਨ ਸਾਰੀ ਭਾਰਤੀ ਟੀਮ ਗਰੁੱਪ ਗੇੜ ਤੋਂ ਅੱਗੇ ਨਹੀਂ ਵਧ ਸਕੀ ਤੇ ਪਲੇਅ ਆਫ ’ਚੋਂ ਬਾਹਰ ਹੋ ਗਈ ਹਾਲਾਂਕਿ ਐੱਲ. ਆਈ. ਸੀ. ਇੰਡੀਆ ਤੇ ਟੀ. ਸੀ. ਐੱਸ. ਚੇਨਈ ਨੇ ਆਪਣੇ-ਆਪਣੇ ਗਰੁੱਪ ਵਿਚ ਤੀਜਾ ਸਥਾਨ ਹਾਸਲ ਕੀਤਾ। ਨਿਯਮ ਅਨੁਸਾਰ ਸਿਰਫ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਹੀ ਪਲੇਅ ਆਫ ਵਿਚ ਪਹੁੰਚਣ ਵਿਚ ਸਫਲ ਰਹੀ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੀ ਟੀਮ ਕਿੰਡ੍ਰੇਡ ਤੇ ਵਿਸ਼ਵ ਨੰਬਰ-6 ਅਨੀਸ਼ਗਿਰੀ ਦੀ ਟੀਮ ਓਪਿਤਵਰ ਵੀ ਪਲੇਅ ਆਫ ਵਿਚ ਜਗ੍ਹਾ ਨਹੀਂ ਬਣਾ ਸਕੀਆਂ।
ਭਾਰਤ ਦੀ ਐੱਲ. ਆਈ. ਸੀ. ਇੰਡੀਆ ਵਰਗ-ਸੀ ਵਿਚੋਂ 38 ਟੀਮਾਂ ਵਿਚੋਂ ਤੀਜੇ ਸਥਾਨ ’ਤੇ ਰਹੀ। ਐੱਲ. ਆਈ. ਸੀ. ਨੇ ਛੇ ਮੈਚ ਖੇਡ ਕੇ 3 ਜਿੱਤਾਂ, 2 ਡਰਾਅ ਤੇ 1 ਹਾਰ ਦੇ ਨਾਲ 8 ਅੰਕ ਬਣਾਏ। ਟੀਮ ਵਲੋਂ ਇੰਟਰਨੈਸ਼ਨਲ ਮਾਸਟਰ ਦਿਨੇਸ਼ ਸ਼ਰਮਾ ਨੇ ਸਭ ਤੋਂ ਵੱਧ 6 ਵਿਚੋਂ 5.5 ਅੰਕ ਬਣਾਏ। ਇਸ ਵਰਗ ਵਿਚ ਹੰਗਰੀ ਦੀ ਟੀਮ ਮੋਰਗਨ ਸਟੇਨਲੀ 12 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਰਹਿ ਕੇ ਪਲੇਅ ਆਫ ਵਿਚ ਪਹੁੰਚੀ ਹੈ।
ਵਰਗ-ਈ ਵਿਚ ਭਾਰਤ ਦੀ ਟੀ. ਸੀ. ਐੱਸ. ਚੇਨਈ 4 ਜਿੱਤਾਂ, 1 ਡਰਾਅ ਤੇ 1 ਹਾਰ ਨਾਲ ਕੁਲ 9 ਅੰਕ ਬਣਾ ਕੇ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀ। ਟੀਮ ਵਲੋਂ ਆਰ. ਪ੍ਰਗਿਆਨੰਦਾ ਨੇ 1 ਹਾਰ ਤੇ 5 ਜਿੱਤਾਂ ਦਰਜ ਕੀਤੀਆਂ ਪਰ ਟੀਮ ਦਾ ਸਫਰ ਅੱਗੇ ਨਹੀਂ ਵਧ ਸਕਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।