ਅਮਰੀਕਾ ਦੇ ਫਾਬਿਆਨੋ ਕਰੂਆਨਾ ਨੂੰ ਮਿਲੀ ਪਹਿਲੀ ਜਿੱਤ

03/19/2020 11:28:29 PM

 ਅਕਾਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)- ਸਾਬਕਾ ਵਿਸ਼ਵ ਜੇਤੂ ਨੰਬਰ-2 ਤੇ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੇ ਫਿਡੇ ਕੈਂਡੀਡੇਟ ਸ਼ਤਰੰਜ ਪ੍ਰਤੀਯੋਗਿਤਾ ਦੇ ਦੂਜੇ ਰਾਊਂਡ ਵਿਚ ਰੂਸ ਦੇ ਆਲੈਕਸੀਂਕੋ ਕਿਰਿਲ ਨੂੰ ਹਰਾਉਂਦੇ ਹੋਏ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਫਾਬਿਆਨੋ ਨੇ ਨਿਮਜੋਂ ਇੰਡੀਅਨ ਓਪਨਿੰਗ ਵਿਚ ਹਮਲਾਵਰ ਸ਼ਤਰੰਜ ਖੇਡੀ ਤੇ ਸਿਰਫ 34 ਚਾਲਾਂ ਵਿਚ ਬਾਜ਼ੀ ਆਪਣੇ ਨਾਂ ਕਰ ਲਈ।
ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਵਿਸ਼ਵ ਨੰਬਰ-3 ਚੀਨ ਦੇ ਡਿੰਗ ਲੀਰੇਨ ਨੂੰ ਲਗਾਤਾਰ ਦੂਜੀ ਹਾਰ ਦਾ ਸਵਾਦ ਚਖਾਉਂਦੇ ਹੋਏ ਉਸਦਾ ਖਾਤਾ ਵੀ ਨਹੀਂ ਖੁੱਲ੍ਹਣ ਦਿੱਤਾ। ਸਫੈਦ ਮੋਹਰਿਆਂ ਨਾਲ ਖੇਡ ਰਹੇ ਮੈਕਸਿਮ ਲਾਗ੍ਰੇਵ ਨੇ ਰਾਏ ਲੋਪੇਜ਼ ਓਪਨਿੰਗ ਵਿਚ ਡਿੰਗ ਦੇ ਰਾਜਾ ਅਤੇ ਇਕ ਪਿਆਦੇ ਦੀ ਗਲਤ ਚਾਲ ਦਾ ਫਾਇਦਾ ਉਠਾਉਂਦੇ ਹੋਏ ਇਕ ਬੇਹੱਦ ਸ਼ਾਨਦਾਰ ਬਾਜ਼ੀ ਜਿੱਤੀ।
ਤੀਜੇ ਮੁਕਾਬਲੇ ਵਿਚ ਚੀਨ ਦਾ ਹਾਓ ਵਾਂਗ ਨੀਦਰਲੈਂਡ ਦੇ ਅਨੀਸ਼ ਗਿਰੀ ਦੇ ਸਾਹਮਣਾ ਜਿੱਤ ਦੇ ਬੇਹੱਦ ਨੇੜੇ ਜਾ ਕੇ ਵੀ ਨਹੀਂ ਜਿੱਤ ਸਕਿਆ ਤੇ ਮੁਕਾਬਲਾ ਡਰਾਅ ਰਿਹਾ। ਆਪਸ ਵਿਚ ਖੇਡ ਰਹੇ ਰੂਸ ਦੇ ਇਯਾਨ ਨੇਪੋਮਨਿਆਚੀ ਤੇ ਅਲੈਗਜ਼ੈਂਡਰ ਗ੍ਰੀਸਚੁਕ ਵਿਚਾਲੇ ਨਤੀਜਾ ਡਰਾਅ ਰਿਹਾ। 14 ਰਾਊਂਡਾਂ ਦੇ ਇਸ ਟੂਰਨਾਮੈਂਟ ਵਿਚ 2 ਰਾਊਂਡਾਂ ਤੋਂ ਬਾਅਦ ਫਾਬਿਆਨੋ, ਵਾਂਗ, ਨੇਪੋਮਨਿਆਚੀ ਤੇ ਲਾਗ੍ਰੇਵ 1.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਗ੍ਰੀਸਚੁਕ 1 ਅੰਕ, ਅਨੀਸ਼ ਤੇ ਆਲੈਕਸੀਂਕੋ 0.5 ਅੰਕ ਤੇ ਡਿੰਗ ਅਜੇ ਖਾਤਾ ਵੀ ਨਹੀਂ ਖੋਲ੍ਹ ਸਕਿਆ ਹੈ।


Gurdeep Singh

Content Editor

Related News