ਬੁਮਰਾਹ ਦੀ ਤਰ੍ਹਾਂ ਕਰ ਸਕਦਾ ਹਾਂ ਗੇਂਦਬਾਜ਼ੀ, ਫੈਨ ਦੇ ਇਸ ਦਾਅਵੇ ਤੋਂ ਬਾਅਦ ICC ਨੇ ਦਿੱਤਾ ਜਵਾਬ

01/20/2020 12:59:36 PM

ਨਵੀਂ ਦਿੱਲੀ : ਬੀਤੇ ਐਤਵਾਰ ਨੂੰ ਭਾਰਤ-ਆਸਟਰੇਲੀਆ ਵਿਚਾਲੇ ਖੇਡੇ ਗਏ ਆਖਰੀ ਅਤੇ ਫੈਸਲਾਕੁੰਨ ਮੁਕਾਬਲੇ ਵਿਚ ਟੀਮ ਇੰਡੀਆ ਨੇ 7 ਵਿਕਟਾਂ ਨਾਲ ਮੈਚ ਜਿੱਤ ਕੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਇਸ ਮੁਕਾਬਲੇ ਵਿਚ ਰੋਹਿਤ ਸ਼ਰਮਾ ਨੇ ਸੈਂਕੜਾ ਲਾ ਕੇ ਟੀਮ ਦੀ ਜਿੱਤ ਨੂੰ ਆਸਾਨ ਬਣਾ ਦਿੱਤਾ। ਇਸ ਤੋਂ ਇਲਾਵਾ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹਾਲਾਂਕਿ ਬੁਮਰਾਹ ਨੂੰ ਇਸ ਮੁਕਾਬਲੇ ਵਿਚ ਕੋਈ ਵਿਕਟ ਨਹੀਂ ਮਿਲੀ ਪਰ ਉਸ ਨੇ ਆਪਣੀ ਸਟੀਕ ਗੇਂਦਬਾਜ਼ੀ ਨਾਲ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਖੁਲ੍ਹਣ ਦਾ ਮੌਕਾ ਨਹੀਂ ਦਿੱਤਾ। ਬੁਮਰਾਹ ਦੀ ਗਿਣਤੀ ਮੌਜੂਦਾ ਸਮੇਂ ਵਿਚ ਦੁਨੀਆ ਦੇ ਸਭ ਤੋਂ ਬਿਹਤਰੀਨ ਗੇਂਦਬਾਜ਼ਾਂ ਵਿਚ ਕੀਤੀ ਜਾਂਦੀ ਹੈ, ਜਿਸ ਕਾਰਨ ਉਸ ਦੀ ਫੈਨ ਫਾਲੋਇੰਗ ਰੋਜ਼ਾਨਾ ਵੱਧਦੀ ਜਾ ਰਹੀ ਹੈ। ਕਈ ਅਜਿਹੇ ਨੌਜਵਾਨ ਹਨ ਜਿਨ੍ਹਾਂ ਲਈ ਬੁਮਰਾਹ ਆਦਰਸ਼ ਹਨ ਪਰ ਆਸਟਰੇਲੀਆ ਦੇ ਨਾਲ ਖੇਡੇ ਗਏ ਤੀਜੇ ਵਨ ਡੇ ਵਿਚ ਕੁਝ ਅਜਿਹਾ ਹੋਇਆ ਕਿ ਆਈ. ਸੀ. ਸੀ. ਨੂੰ ਇਸ ਵਿਚ ਦਖਲ ਅੰਦਾਜ਼ੀ ਕਰਨੀ ਪਈ।

ਦਰਅਸਲ, ਹੋਇਆ ਇਹ ਕਿ ਬੈਂਗਲੁਰੂ ਦੇ ਮੈਦਾਨ 'ਤੇ ਜਦੋਂ ਭਾਰਤੀ ਟੀਮ ਗੇਂਦਬਾਜ਼ੀ ਕਰ ਰਹੀ ਸੀ, ਉਸ ਸਮੇਂ ਇਕ ਫੈਨ ਦੇ ਹੱਥ ਵਿਚ ਇਕ ਬੈਨਰ ਫੜ੍ਹਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ ਕਿ ਮੈਂ ਬੁਮਰਾਹ ਦੀ ਤਰ੍ਹਾਂ ਗੇਂਦਬਾਜੀ ਕਰ ਸਕਦਾ ਹਾਂ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ 'ਤੇ ਆਈ. ਸੀ. ਸੀ. ਨੇ ਜਵਾਬ ਦਿੰਦਿਆਂ ਲਿਖਿਆ ਕਿ ਇਸ ਦੇ ਲਈ ਸਾਨੂੰ ਵੀਡੀਓ ਸਬੂਤ ਦੀ ਜ਼ਰੂਰਤ ਹੈ।

PunjabKesari

ਦੱਸ ਦਈਏ ਕਿ ਸੱਟ ਤੋਂ ਬਾਅਦ ਟੀਮ ਵਿਚ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਇਸ ਸੀਰੀਜ਼ ਵਿਚ ਕਮਾਲ ਦੀ ਗੇਂਦਬਾਜ਼ੀ ਕੀਤੀ ਹੈ। ਉਸ ਨੇ ਇਸ ਮੈਚ ਵਿਚ 10 ਓਵਰਾਂ 'ਚ ਸਿਰਫ 38 ਦੌੜਾਂ ਹੀ ਦਿੱਤੀਆਂ। ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਮਿਥ ਦੇ ਸੈਂਕੜੇ ਦੀ ਬਦੌਲਤ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 7 ਵਿਕਟਾਂ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਰੋਹਿਤ ਸ਼ਰਮਾ ਅਤੇ ਕਪਤਾਨ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰੋਹਿਤ ਨੇ 119 ਦੌੜਾਂ ਦੀ ਪਾਰੀ ਖੇਡੀ ਤਾਂ ਉੱਥੇ ਹੀ ਕੋਹਲੀ ਨੇ 89 ਦੌੜਾਂ ਬਣਾਈਆਂ। ਨਤੀਜਾ ਟੀਮ ਨੇ 15 ਗੇਂਦਾਂ ਬਾਕੀ ਰਹਿੰਦਿਆਂ ਹੀ ਇਹ ਮੁਕਾਬਲਾ ਜਿੱਤ ਲਿਆ। ਰੋਹਿਤ ਸ਼ਰਮਾ 'ਮੈਨ ਆਫ ਦਿ ਮੈਚ' ਅਤੇ ਵਿਰਾਟ ਕੋਹਲੀ 'ਮੈਨ ਆਫ ਦਿ ਸੀਰੀਜ਼' ਚੁਣੇ ਗਏ।

ਇਸ ਫੈਨ ਦੇ ਦਾਅਵੇ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਫੈਨ ਦੀ ਰੱਜ ਕੇ ਕਲਾਸ ਲਾਈ। ਕਿਸੇ ਨੇ ਉਸ ਨੂੰ ਪੋਲੀਓ ਮਰੀਜ਼ ਤਾਂ ਕਿਸੇ ਨੇ ਉਸ ਨੂੰ ਗਰੀਬਾਂ ਦਾ ਬੁਮਰਾਹ ਕਿਹਾ।

PunjabKesari

PunjabKesari

PunjabKesari


Related News