ਮਸ਼ਹੂਰ ਕ੍ਰਿਕਟਰ ਦੀ ਕੈਂਸਰ ਨਾਲ ਹੋਈ ਮੌਤ, ਖੇਡ ਜਗਤ ''ਚ ਫੈਲੀ ਸੋਗ ਦੀ ਲਹਿਰ

Monday, Dec 29, 2025 - 03:26 PM (IST)

ਮਸ਼ਹੂਰ ਕ੍ਰਿਕਟਰ ਦੀ ਕੈਂਸਰ ਨਾਲ ਹੋਈ ਮੌਤ, ਖੇਡ ਜਗਤ ''ਚ ਫੈਲੀ ਸੋਗ ਦੀ ਲਹਿਰ

ਲੰਡਨ : ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਏਸ਼ੇਜ਼ ਸੀਰੀਜ਼ ਦੇ ਦੌਰਾਨ ਕ੍ਰਿਕਟ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਅਤੇ ਸਾਬਕਾ ਮੈਨੇਜਿੰਗ ਡਾਇਰੈਕਟਰ ਹਿਊ ਮੌਰਿਸ ਦਾ 62 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੌਰਿਸ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ। ਉਹ ਸਾਲ 2021 ਵਿੱਚ ਇਸ ਦੀ ਚਪੇਟ ਵਿੱਚ ਆਏ ਸਨ ਅਤੇ 'ਬਾਊਲ ਕੈਂਸਰ' (bowel cancer) ਉਨ੍ਹਾਂ ਦੇ ਪੂਰੇ ਸਰੀਰ ਅਤੇ ਲਿਵਰ ਤੱਕ ਫੈਲ ਗਿਆ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਹਿਊ ਮੌਰਿਸ ਨੇ ਨਾ ਸਿਰਫ਼ ਮੈਦਾਨ 'ਤੇ ਬੱਲੇ ਨਾਲ ਯੋਗਦਾਨ ਪਾਇਆ, ਸਗੋਂ ਇੰਗਲਿਸ਼ ਕ੍ਰਿਕਟ ਬੋਰਡ ਨੂੰ ਸੰਵਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਹ ਸਾਲ 2007 ਤੋਂ 2013 ਤੱਕ ਇੰਗਲੈਂਡ ਕ੍ਰਿਕਟ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਰਹੇ। ਉਨ੍ਹਾਂ ਦੀ ਦੇਖ-ਰੇਖ ਵਿੱਚ ਇੰਗਲੈਂਡ ਨੇ ਤਿੰਨ ਵਾਰ ਏਸ਼ੇਜ਼ ਸੀਰੀਜ਼ ਜਿੱਤੀ ਅਤੇ ਸਾਲ 2010 ਵਿੱਚ ਇੰਗਲਿਸ਼ ਟੀਮ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਹਾਸਲ ਕਰਕੇ ਇਤਿਹਾਸ ਰਚਿਆ ਸੀ। ਕ੍ਰਿਕਟ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਾਲ 2022 ਵਿੱਚ ਉਨ੍ਹਾਂ ਨੂੰ MBE ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਜੇਕਰ ਉਨ੍ਹਾਂ ਦੇ ਖੇਡ ਕਰੀਅਰ ਦੀ ਗੱਲ ਕਰੀਏ ਤਾਂ ਮੌਰਿਸ ਨੇ 1991 ਵਿੱਚ ਇੰਗਲੈਂਡ ਲਈ ਡੈਬਿਊ ਕੀਤਾ ਅਤੇ ਕੁੱਲ 3 ਟੈਸਟ ਮੈਚ ਖੇਡੇ। ਹਾਲਾਂਕਿ, ਫਸਟ-ਕਲਾਸ ਕ੍ਰਿਕਟ ਵਿੱਚ ਉਨ੍ਹਾਂ ਦਾ ਰਿਕਾਰਡ ਬੇਮਿਸਾਲ ਰਿਹਾ, ਜਿੱਥੇ ਉਨ੍ਹਾਂ ਨੇ 544 ਪਾਰੀਆਂ ਵਿੱਚ 53 ਸੈਂਕੜਿਆਂ ਦੀ ਮਦਦ ਨਾਲ 19,785 ਦੌੜਾਂ ਬਣਾਈਆਂ। ਇਸੇ ਤਰ੍ਹਾਂ ਲਿਸਟ-ਏ ਕ੍ਰਿਕਟ ਵਿੱਚ ਵੀ ਉਨ੍ਹਾਂ ਨੇ 8,606 ਦੌੜਾਂ ਬਣਾਈਆਂ ਸਨ। ਇੰਗਲੈਂਡ ਕ੍ਰਿਕਟ ਬੋਰਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਹਿਊ ਨੇ ਇੰਗਲੈਂਡ ਅਤੇ ਵੇਲਜ਼ ਵਿੱਚ ਕ੍ਰਿਕਟ ਨੂੰ ਨਵਾਂ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।


author

Tarsem Singh

Content Editor

Related News