ਕਵਾਗਲੀਆਰੇਲਾ ਇਟਲੀ ਵੱਲੋਂ ਗੋਲ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਫੁੱਟਬਾਲਰ ਬਣੇ
Wednesday, Mar 27, 2019 - 03:11 PM (IST)

ਪਾਰਮਾ (ਇਟਲੀ)— ਫੈਬੀਓ ਕਵਾਗਲੀਆਰੇਲਾ ਨੇ ਮੰਗਲਵਾਰ ਨੂੰ ਦੋ ਪੈਨਲਟੀ ਨੂੰ ਗੋਲ 'ਚ ਬਦਲ ਕੇ ਇਟਲੀ ਵੱਲੋਂ ਸਭ ਤੋਂ ਵੱਧ ਉਮਰ 'ਚ ਗੋਲ ਕਰਨ ਵਾਲੇ ਫੁੱਟਬਾਲਰ ਬਣਨ ਦਾ ਮਾਣ ਹਾਸਲ ਕੀਤਾ। ਕਵਾਗਲੀਆਰੇਲਾ ਦੇ ਦੋ ਗੋਲ ਦੀ ਮਦਦ ਨਾਲ ਇਟਲੀ ਨੇ ਯੂਰੋ 2020 ਕੁਆਲੀਫਾਇੰਗ 'ਚ ਲਿਚੇਨਸਟੀਨ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ ਇਟਲੀ ਗਰੁੱਪ ਜੇ. 'ਚ 6 ਅੰਕਾਂ ਦੇ ਨਾਲ ਚੋਟੀ 'ਤੇ ਪਹੁੰਚ ਗਿਆ ਹੈ। ਉਸ ਨੇ ਸ਼ਨੀਵਾਰ ਨੂੰ ਫਿਨਲੈਂਡ ਨੂੰ 2-0 ਨਾਲ ਹਰਾਇਆ ਸੀ।
ਬੋਸਨੀਆ ਨੇ ਦੋ ਗੋਲ ਨਾਲ ਵਾਧੇ ਦੇ ਬਾਵਜੂਦ ਯੂਨਾਨ ਦੇ ਨਾਲ 2-2 ਨਾਲ ਡਰਾਅ ਖੇਡਿਆ। ਸੇਰੀ ਏ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ 36 ਸਾਲਾ ਕਵਾਗਲੀਆਰੇਲਾ ਨੇ ਲਗਭਗ 9 ਸਾਲ ਬਾਅਦ ਇਟਲੀ ਦੀ ਟੀਮ 'ਚ ਵਾਪਸੀ ਕੀਤੀ। ਉਨ੍ਹਾਂ ਨੇ 35ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕੀਤਾ ਅਤੇ ਹਾਫ ਟਾਈਮ ਤੋਂ ਠੀਕ ਪਹਿਲਾਂ ਇਕ ਹੋਰ ਪੈਨਲਟੀ ਨੂੰ ਗੋਲ 'ਚ ਬਦਲਿਆ। ਕਵਾਗਲੀਆਰੇਲਾ ਅਜੇ 36 ਸਾਲ 54 ਦਿਨ ਦੇ ਹਨ। ਉਨ੍ਹਾਂ ਕ੍ਰਿਸਟੀਅਨ ਪਾਨੁਚੀ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ 2008 'ਚ 35 ਸਾਲ 62 ਦਿਨ 'ਚ ਇਹ ਕਾਰਨਾਮਾ ਕੀਤਾ ਸੀ।