ਬਜਰੰਗ ਤੇ ਵਿਨੇਸ਼ ਦੇ ਟ੍ਰਾਇਲਾਂ ਤੋਂ ਛੋਟ ਲੈਣ ਨਾਲ ਵਿਰੋਧ ਪ੍ਰਦਰਸ਼ਨਾਂ ਦਾ ਅਕਸ ਹੋਇਆ ਪ੍ਰਭਾਵਿਤ : ਸਾਕਸ਼ੀ ਮਲਿਕ

Tuesday, Oct 22, 2024 - 12:20 PM (IST)

ਬਜਰੰਗ ਤੇ ਵਿਨੇਸ਼ ਦੇ ਟ੍ਰਾਇਲਾਂ ਤੋਂ ਛੋਟ ਲੈਣ ਨਾਲ ਵਿਰੋਧ ਪ੍ਰਦਰਸ਼ਨਾਂ ਦਾ ਅਕਸ ਹੋਇਆ ਪ੍ਰਭਾਵਿਤ : ਸਾਕਸ਼ੀ ਮਲਿਕ

ਨਵੀਂ ਦਿੱਲੀ, (ਭਾਸ਼ਾ)–ਓਲੰਪਿਕ ਕਾਂਸੀ ਤਮਗਾ ਜੇਤੂ ਸਾਬਕਾ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਪਿਛਲੇ ਸਾਲ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦਾ ਏਸ਼ੀਆਈ ਖੇਡਾਂ ਦੇ ਟ੍ਰਾਇਲਾਂ ਤੋਂ ਛੋਟ ਲੈਣ ਦੇ ਫੈਸਲੇ ਨਾਲ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਅਕਸ ਪ੍ਰਭਾਵਿਤ ਹੋਇਆ ਕਿਉਂਕਿ ਇਸ ਨਾਲ ਇਹ ਮੁਹਿੰਮ ਸਵਾਰਥੀ ਦਿਸਣ ਲੱਗੀ ਸੀ।

ਸਾਕਸ਼ੀ ਇਸ ਵਿਰੋਧ ਪ੍ਰਦਰਸ਼ਨ ਦੇ ਤਿੰਨ ਮੁੱਖ ਪਹਿਲਵਾਨਾਂ ਵਿਚੋਂ ਇਕ ਸੀ। ਉਸ ਨੇ ਹਾਲ ਹੀ ਵਿਚ ਰਿਲੀਜ਼ ਹੋਈ ਆਪਣੀ ਕਿਤਾਬ ‘ਵਿਟਨੈੱਸ’ ਵਿਚ ਇਸ ਤੋਂ ਇਲਾਵਾ ਆਪਣੇ ਕਰੀਅਰ ਦੇ ਸੰਘਰਸ਼ਾਂ ਦੇ ਬਾਰੇ ਵਿਚ ਵੀ ਲਿਖਿਆ। ਉਸ ਨੇ ਲਿਖਿਆ ਕਿ ਜਦੋਂ ਬਜਰੰਗ ਤੇ ਵਿਨੇਸ਼ ਦੇ ਨੇੜਲੇ ਲੋਕਾਂ ਨੇ ਉਨ੍ਹਾਂ ਦੇ ਦਿਮਾਗ ਵਿਚ ਲਾਲਚ ਭਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਦਰਾੜ ਆਉਣ ਲੱਗੀ। ਇਨ੍ਹਾਂ ਤਿੰਨਾਂ ਨੇ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਸਾਬਕਾ ਪ੍ਰਮੁੱਖ ਸ਼ਰਣ ਸਿੰਘ ’ਤੇ ਆਪਣੇ ਕਾਰਜਕਾਲ ਦੌਰਾਨ ਮਹਿਲਾ ਪਹਿਲਵਾਨਾਂ ਦੇ ਨਾਲ ਜਬਰ-ਜ਼ਨਾਹ ਦਾ ਦੋਸ਼ ਲਾਇਆ ਸੀ ਤੇ ਮਾਮਲਾ ਦਿੱਲੀ ਦੀ ਅਦਾਲਤ ਵਿਚ ਚੱਲ ਰਿਹਾ ਹੈ।

ਡਬਲਯੂ. ਐੱਫ. ਆਈ. ਦੀ ਮੁਅੱਤਲੀ ਤੋਂ ਬਾਅਦ ਐਡਹਾਕ ਕਮੇਟੀ ਨੇ ਕੁਸ਼ਤੀ ਦਾ ਕੰਮਕਾਜ਼ ਦੇਖਣਾ ਸ਼ੁਰੂ ਕੀਤਾ, ਜਿਸ ਨੇ ਬਜਰੰਗ ਤੇ ਵਿਨੇਸ਼ ਨੂੰ 2023 ਏਸ਼ੀਆਈ ਖੇਡਾਂ ਦੇ ਟ੍ਰਾਇਲਾਂ ਵਿਚ ਛੋਟ ਦਿੱਤੀ ਪਰ ਸਾਕਸ਼ੀ ਨੇ ਆਪਣੇ ਸਾਥੀਆਂ ਦੇ ਸੁਝਾਅ ਤੋਂ ਬਾਅਦ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ। ਅੰਤ ਵਿਚ ਸਾਕਸ਼ੀ ਹਿੱਸਾ ਨਹੀਂ ਲੈ ਸਕੀ ਪਰ ਵਿਨੇਸ਼ ਖੇਡਾਂ ਤੋਂ ਪਹਿਲਾਂ ਜ਼ਖ਼ਮੀ ਹੋ ਗਈ ਤੇ ਬਜਰੰਗ ਤਮਗਾ ਜਿੱਤਣ ਵਿਚ ਅਸਫਲ ਰਿਹਾ। ਸਾਕਸ਼ੀ ਦੀ ਆਤਮਕਥਾ ਦਾ ਸਹਿ-ਲੇਖਕ ਜੋਨਾਥਨ ਸੇਲਵਾਰਾਜ ਹੈ। ਇਸ ਵਿਚ ਸਾਕਸ਼ੀ ਨੇ ਹਾਲਾਂਕਿ ਉਨ੍ਹਾਂ ਲੋਕਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ, ਜਿਨ੍ਹਾਂ ਨੇ ਬਜਰੰਗ ਤੇ ਵਿਨੇਸ਼ ਨੂੰ ਪ੍ਰਭਾਵਿਤ ਕੀਤਾ।


author

Tarsem Singh

Content Editor

Related News